donald trump said: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿੱਚ ਚੀਨ ਦੇ ਹੋਰ ਡਿਪਲੋਮੈਟਿਕ ਮਿਸ਼ਨਾਂ ਨੂੰ ਬੰਦ ਕਰਨ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਉਨ੍ਹਾਂ ਦਾ ਇਹ ਬਿਆਨ ਕੁੱਝ ਘੰਟੇ ਪਹਿਲਾਂ ਆਇਆ ਹੈ ਜਦੋਂ ਵਾਸ਼ਿੰਗਟਨ ਨੇ ਅਮਰੀਕਾ ਦੀ ਬੌਧਿਕ ਜਾਇਦਾਦ ਅਤੇ ਨਿੱਜੀ ਜਾਣਕਾਰੀ ਦੀ ਰੱਖਿਆ ਲਈ ਹਿਉਸਟਨ ਵਿੱਚ ਬੀਜਿੰਗ ਦੇ ਕੌਂਸਲੇਟ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਸਨ। ਟਰੰਪ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ ਇਹ ਕਦਮ ਦੋਵਾਂ ਦੇਸ਼ਾਂ ਵਿਚਾਲੇ ਚੀਨ ਦੀਆਂ ਹਮਲਾਵਰ ਗਤੀਵਿਧੀਆਂ ਨੂੰ ਲੈ ਕੇ ਵੱਧ ਰਹੇ ਵਿਵਾਦ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਬੀਜਿੰਗ ਦੀਆਂ ਹਮਲਾਵਰ ਗਤੀਵਿਧੀਆਂ ਦੇ ਕਾਰਨ ਵਾਸ਼ਿੰਗਟਨ ਨੇ ਸਖਤ ਉਪਾਅ ਕੀਤੇ, ਜਿਸ ਵਿੱਚ ਹਿਉਸਟਨ ਵਿੱਚ ਕੌਂਸਲੇਟ ਬੰਦ ਕਰਨਾ ਵੀ ਸ਼ਾਮਿਲ ਸੀ। ਅਮਰੀਕਾ ‘ਚ ਚੀਨ ਦੇ ਪੰਜਾਂ ਕੌਂਸਲੇਟਾਂ ਵਿੱਚੋਂ ਇੱਕ ਦੇ ਬੰਦ ਹੋਣ ਨਾਲ ਤਣਾਅ ਵੱਧ ਗਿਆ ਹੈ।
ਅਮਰੀਕਾ ਨੇ ਇਹ ਕਦਮ ਨਿਆਂ ਵਿਭਾਗ ਦੇ ਇਹ ਕਹਿਣ ਤੋਂ ਬਾਅਦ ਚੁੱਕਿਆ ਹੈ ਕਿ ਚੀਨੀ ਸਰਕਾਰ ਨਾਲ ਕੰਮ ਕਰ ਰਹੇ ਹੈਕਰਾਂ ਨੇ ਕੋਰੋਨਾ ਵਾਇਰਸ ਦੇ ਟੀਕੇ ਵਿਕਸਤ ਕਰਨ ਵਾਲੀਆਂ ਕੰਪਨੀਆਂ ਨੂੰ ਨਿਸ਼ਾਨਾ ਬਣਾਇਆ ਹੈ। ਦੁਨੀਆ ਭਰ ਦੀਆਂ ਕੰਪਨੀਆਂ ਦੀ ਕਰੋੜਾਂ ਡਾਲਰ ਦੀ ਬੌਧਿਕ ਜਾਇਦਾਦ ਅਤੇ ਵਪਾਰਕ ਸਬੰਧੀ ਖੁਫੀਆ ਜਾਣਕਾਰੀ ਚੋਰੀ ਕੀਤੀ ਗਈ ਹੈ। ਟਰੰਪ ਨੇ ਵ੍ਹਾਈਟ ਹਾਊਸ ਵਿਖੇ ਬਾਕਾਇਦਾ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਜਿਥੋਂ ਤੱਕ ਹੋਰ ਦੂਤਘਰਾਂ ਦੇ ਬੰਦ ਹੋਣ ਦਾ ਸੰਬੰਧ ਹੈ, ਇਹ ਹਮੇਸ਼ਾਂ ਸੰਭਵ ਹੈ।” ਉਨ੍ਹਾਂ ਨੇ ਹਿਉਸਟਨ ਵਿੱਚ ਚੀਨੀ ਦੂਤਘਰ ਵਿੱਚ ਅੱਗ ਲੱਗਣ ਦੀਆਂ ਖਬਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, “ਤੁਸੀਂ ਦੇਖੋ ਕਿ ਕੀ ਹੋ ਰਿਹਾ ਹੈ। ਅਸੀਂ ਮਹਿਸੂਸ ਕੀਤਾ ਕਿ ਜਿਸ ਨੂੰ ਅਸੀਂ ਬੰਦ ਕੀਤਾ ਸੀ ਉੱਥੇ ਅੱਗ ਲੱਗੀ ਹੈ ਅਤੇ ਹਰੇਕ ਨੇ ਕਿਹਾ ਕਿ ਅੱਗ ਲੱਗੀ ਸੀ, ਅੱਗ ਲੱਗੀ ਸੀ। ਮੈਨੂੰ ਲਗਦਾ ਹੈ ਕਿ ਉਹ ਦਸਤਾਵੇਜ਼ ਸਾੜ ਰਹੇ ਸਨ।”