Earthquake in Japan: ਜਾਪਾਨ ਦੇ ਫੁਕੁਸ਼ੀਮਾ ਪ੍ਰਾਂਤ ਵਿੱਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ । ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ ਹੈ । ਕੁਝ ਇਲਾਕਿਆਂ ਵਿੱਚ ਨੁਕਸਾਨ ਦੀ ਵੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਅਸਰ ਰਾਜਧਾਨੀ ਟੋਕਿਓ ਵਿੱਚ ਵੀ ਮਹਿਸੂਸ ਕੀਤਾ ਗਿਆ, ਜਿੱਥੇ ਭੂਚਾਲ ਦੀ ਤੀਬਰਤਾ 4.0 ਸੀ।
ਦਰਅਸਲ, ਜਾਪਾਨ ਦੇ ਉੱਤਰ-ਪੂਰਬੀ ਤੱਟ ‘ਤੇ ਸ਼ਨੀਵਾਰ ਸ਼ਾਮ 7:37 ਵਜੇ 7.1 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਪੂਰੇ ਦੇਸ਼ ਵਿੱਚ ਮਹਿਸੂਸ ਕੀਤੇ ਗਏ, ਪਰ ਇਸਦਾ ਸਭ ਤੋਂ ਵੱਧ ਪ੍ਰਭਾਵ ਫੁਕੁਸ਼ੀਮਾ ਅਤੇ ਮਿਆਮੀ ਵਿੱਚ ਰਿਹਾ । ਫੁਕੁਸ਼ੀਮਾ ਵਿੱਚ ਇੱਕ ਵੱਡਾ ਨਿਊਕਲੀਅਰ ਪਲਾਂਟ ਹੈ। ਜਾਪਾਨ ਸਰਕਾਰ ਦੇ ਬੁਲਾਰੇ ਕੈਟਸੂਨੋਬੂ ਨੇ ਕਿਹਾ ਕਿ ਪਰਮਾਣੂ ਪਲਾਂਟ ਵਿੱਚ ਅਜੇ ਤੱਕ ਕੋਈ ਅਜੀਬ ਗੱਲ ਨਹੀਂ ਵੇਖੀ ਗਈ । ਮਾਹਿਰਾਂ ਟੀਮ ਪਲਾਂਟ ਦਾ ਨਿਰੀਖਣ ਕਰਨ ਲਈ ਪਹੁੰਚ ਗਈ ਹੈ।
ਇਸ ਸਬੰਧੀ ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਹੈ ਕਿ ਇਸ ਭੁਚਾਲ ਤੋਂ ਸੁਨਾਮੀ ਦਾ ਕੋਈ ਖਤਰਾ ਨਹੀਂ ਹੈ। ਭੂਚਾਲ ਦਾ ਕੇਂਦਰ ਰਾਜਧਾਨੀ ਟੋਕੀਓ ਤੋਂ ਲਗਭਗ 306 ਕਿਲੋਮੀਟਰ ਦੂਰ ਜਮੀਨ ਤੋਂ 60 ਕਿਲੋਮੀਟਰ ਦੀ ਦੂਰੀ ‘ਤੇ ਸੀ। ਟੋਕਿਓ ਇਲੈਕਟ੍ਰਿਕ ਪਾਵਰ ਕੰਪਨੀ ਨੇ ਕਿਹਾ ਕਿ ਭੂਚਾਲ ਕਾਰਨ ਦੇਸ਼ ਦੀ 8,60,000 ਘਰਾਂ ਨੂੰ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਇੱਥੇ, ਪ੍ਰਧਾਨ ਮੰਤਰੀ ਯੋਸ਼ੀਹਿਦਾ ਸੁਗਾ ਭੂਚਾਲ ਤੋਂ ਬਾਅਦ ਆਪਣੇ ਦਫ਼ਤਰ ਵਿੱਚ ਸੰਕਟ ਪ੍ਰਬੰਧਨ ਕੇਂਦਰ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਦੱਸ ਦੇਈਏ ਕਿ ਜਾਪਾਨ ਵਿੱਚ 10 ਸਾਲ ਪਹਿਲਾਂ ਮਾਰਚ, 2011 ਵਿੱਚ 9 ਦੀ ਤੀਬਰਤਾ ਵਾਲੇ ਭਿਆਨਕ ਭੂਚਾਲ ਕਾਰਨ ਜ਼ਬਰਦਸਤ ਸੁਨਾਮੀ ਆਈ ਸੀ। ਸੁਨਾਮੀ ਦੀਆਂ ਲਹਿਰਾਂ ਨੇ ਫੁਕੁਸ਼ੀਮਾ ਪ੍ਰਮਾਣੂ ਪਲਾਂਟ ਨੂੰ ਤਬਾਹ ਕਰ ਦਿੱਤਾ ਸੀ । ਵਾਤਾਵਰਣ ਨੂੰ ਹੋਏ ਨੁਕਸਾਨ ਦੇ ਮਾਮਲੇ ਵਿੱਚ ਇਹ ਇੱਕ ਵੱਡੀ ਘਟਨਾ ਮੰਨੀ ਗਈ ਸੀ। ਉਸ ਸਮੇਂ ਸਮੁੰਦਰ ਵਿੱਚ ਉਠੀਆਂ 10 ਮੀਟਰ ਉੱਚੀਆਂ ਲਹਿਰਾਂ ਨੇ ਬਹੁਤ ਸਾਰੇ ਸ਼ਹਿਰਾਂ ਵਿੱਚ ਤਬਾਹੀ ਮਚਾ ਦਿੱਤੀ ਸੀ। ਇਸ ਵਿਚ ਤਕਰੀਬਨ 16 ਹਜ਼ਾਰ ਲੋਕਾਂ ਦੀ ਮੌਤ ਹੋਈ ਸੀ।
ਇਹ ਵੀ ਦੇਖੋ: ਇਸ PHD ਵਿਦਿਆਰਥਣ ਨੇ ਸਿੰਘੂ ਸਟੇਜ ‘ਤੇ ਪਹੁੰਚ ਕੇ ਪੂਰੀ ਤਰ੍ਹਾਂ ਖੜਕਾ ਦਿੱਤੀ ਮੋਦੀ ਸਰਕਾਰ