Egypt train derails: ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਐਤਵਾਰ ਨੂੰ ਇੱਕ ਟ੍ਰੇਨ ਪਟੜੀ ਤੋਂ ਉਤਰ ਗਈ, ਜਿਸ ਵਿੱਚ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 98 ਲੋਕ ਜ਼ਖਮੀ ਹੋ ਗਏ । ਇਸ ਸਬੰਧੀ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ । ਰੇਲਵੇ ਅਥਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਹਿਰਾ ਤੋਂ ਉੱਤਰ ਵਿੱਚ ਕਾਲੁਬਿਆ ਰਾਜ ਦੇ ਬਾਂਹਾ ਸ਼ਹਿਰ ਵਿੱਚ ਟ੍ਰੇਨ ਦੇ ਅੱਠ ਡੱਬੇ ਪਟੜੀ ਤੋਂ ਉਤਰ ਗਏ।
ਦਰਅਸਲ, ਇਸ ਹਾਦਸੇ ਦੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ, ਜਿਸ ਵਿੱਚ ਟ੍ਰੇਨ ਦੇ ਡੱਬੇ ਪਲਟੇ ਦਿਖਾਈ ਦੇ ਰਹੇ ਹਨ ਅਤੇ ਯਾਤਰੀ ਬਾਹਰ ਨਿਕਲਦੇ ਦਿਖਾਈ ਦੇ ਰਹੇ ਹਨ। ਇਹ ਟ੍ਰੇਨ ਨੀਲ ਨਦੀ ਡੇਲਟਾ ਦੇ ਸ਼ਹਿਰ ਮਨਸੁਰਾ ਤੋਂ ਮਿਸਰ ਦੀ ਰਾਜਧਾਨੀ ਕਾਹਿਰਾ ਜਾ ਰਹੀ ਸੀ। ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਹਾਦਸੇ ਵਿਚ 98 ਲੋਕ ਜ਼ਖਮੀ ਹੋਏ ਹਨ ਅਤੇ ਹਾਦਸੇ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ।
ਦੱਸ ਦਈਏ ਕਿ ਹਾਲ ਹੀ ਵਿੱਚ ਦੱਖਣੀ ਮਿਸਰ ਵਿੱਚ ਇੱਕ ਹੋਰ ਟ੍ਰੇਨ ਹਾਦਸਾ ਹੋਇਆ ਸੀ । ਇਸ ਭਿਆਨਕ ਟ੍ਰੇਨ ਹਾਦਸੇ ਵਿੱਚ ਤਕਰੀਬਨ 32 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 66 ਲੋਕ ਜ਼ਖਮੀ ਹੋ ਗਏ । ਇਹ ਹਾਦਸਾ ਰਾਜਧਾਨੀ ਕਾਹਿਰਾ ਦੇ ਦੱਖਣ ਵਿੱਚ 365 ਕਿਲੋਮੀਟਰ ਦੂਰ ਸੋਹਾਗ ਵਿੱਚ ਵਾਪਰਿਆ। ਇਹ ਹਾਦਸਾ ਮੱਧ ਮਿਸਰ ਵਿੱਚ ਉਸ ਸਮੇਂ ਵਾਪਰਿਆ ਜਦੋਂ ਕਿਸੇ ਨੇ ਟ੍ਰੇਨ ਦੀ ਐਮਰਜੈਂਸੀ ਬ੍ਰੇਕ ਲਗਾ ਦਿੱਤੀ। ਐਮਰਜੈਂਸੀ ਬ੍ਰੇਕ ਲੱਗਣ ਕਾਰਨ ਪਿੱਛੇ ਤੋਂ ਆ ਰਹੀ ਦੂਜੀ ਟ੍ਰੇਨ ਇਸ ਨਾਲ ਟਕਰਾ ਗਈ । ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਟ੍ਰੇਨ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ।
ਇਹ ਵੀ ਦੇਖੋ: ਰਾਜਸਥਾਨ,ਦਿੱਲੀ, ਮਹਾਰਾਸ਼ਟਰ ਮਗਰੋਂ Punjab ਵੀ ਲੱਗੂ Lockdown ? Captain ਨੇ ਸੱਦੀ ਵੱਡੀ Meeting