Europe America should learn: ਯੂਰਪ ਅਤੇ ਉੱਤਰੀ ਅਮਰੀਕਾ ਨੂੰ ਕੋਵਿਡ -19 ਨਾਲ ਨਜਿੱਠਣ ਦੀ ਕਲਾ ਏਸ਼ੀਆਈ ਦੇਸ਼ਾਂ ਤੋਂ ਸਿੱਖਣੀ ਚਾਹੀਦੀ ਹੈ। WHO ਦੇ ਮਾਈਕ ਰਿਆਨ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ । WHO ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਮੁਖੀ ਰਿਆਨ ਨੇ ਕਿਹਾ, “ਵਾਇਰਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸੰਕਰਮਿਤ ਵਿਅਕਤੀ ਨੂੰ ਕੁਆਰੰਟੀਨ ਹੋਣ ਦੀ ਜ਼ਰੂਰਤ ਹੁੰਦੀ ਹੈ।” WHO ਦੀ ਰਿਪੋਰਟ ਅਨੁਸਾਰ ਰੂਸ ਸਮੇਤ ਯੂਰਪੀਅਨ ਦੇਸ਼ਾਂ ਵਿੱਚ ਕੋਵਿਡ-19 ਨਾਲ 8,500 ਮੌਤਾਂ ਹੋਈਆਂ ਹਨ। ਇੱਥੇ ਅੱਧੇ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ 50 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ । ਇਸ ਦੇ ਨਾਲ ਹੀ, ਪਿਛਲੇ ਕੁਝ ਮਹੀਨਿਆਂ ਵਿੱਚ ਆਸਟ੍ਰੇਲੀਆ, ਚੀਨ, ਜਾਪਾਨ ਅਤੇ ਦੱਖਣੀ ਕੋਰੀਆ ਨੇ ਟੈਸਟਿੰਗ, ਆਈਸੋਲੇਟਿੰਗ ਅਤੇ ਕੁਆਰੰਟੀਨ ਕਰਨ ‘ਤੇ ਬਿਹਤਰ ਕੰਮ ਕਰ ਕੇ ਲਾਗ ਦੇ ਜੋਖਮ ਨੂੰ ਘੱਟ ਕੀਤਾ ਹੈ।
ਰਿਆਨ ਨੇ ਕਿਹਾ, “ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਨੇ ਆਪਣੀ ਸਰਕਾਰ ‘ਤੇ ਪੂਰਾ ਭਰੋਸਾ ਦਿਖਾਇਆ ਹੈ। ਇਨ੍ਹਾਂ ਦੇਸ਼ਾਂ ਨੇ ਯੂਰਪੀਅਨ ਦੇਸ਼ਾਂ ਦੀ ਤੁਲਨਾ ਵਿੱਚ ਜ਼ਿਆਦਾ ਦਿਨਾਂ ਤੱਕ ਲਾਗ ਨੂੰ ਕੰਟਰੋਲ ਕਰਨ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਸਨ ।’ਇਨਾਂ ਦੇਸ਼ਾਂ ਵਿੱਚ ਲਾਕਡਾਊਨ ਤੋਂ ਬਾਅਦ ਵੀ ਲੋਕਾਂ ਨੂੰ ਸਮਾਜਿਕ ਦੂਰੀਆਂ, ਮਾਸਕ ਅਤੇ ਸੈਨੀਟਾਈਜ਼ਰ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਤੋਂ ਅੱਗੇ ਮਾਈਕ ਰਿਆਨ ਨੇ ਇੱਕ ਉਦਾਹਰਣ ਦਿੰਦੇ ਹੋਏ ਕਿਹਾ, ‘ਕੋਰੋਨਾ ਤੋਂ ਹੋਈ ਤਬਾਹੀ ਤੋਂ ਬਾਅਦ ਇਨ੍ਹਾਂ ਦੇਸ਼ਾਂ ਦੇ ਲੋਕ ਸੁਰੱਖਿਆ ਅਤੇ ਬਚਾਅ ਦੀ ਦੌੜ ਵਿੱਚ ਲਗਾਤਾਰ ਦੌੜ ਰਹੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਇਹ ਦੌੜ ਅਜੇ ਖਤਮ ਨਹੀਂ ਹੋਈ ਹੈ । ਫਿਨਿਸ਼ ਲਾਈਨ ਨੂੰ ਪਾਰ ਕਰਨ ਤੋਂ ਬਾਅਦ ਯਾਨੀ ਕਿ ਵਾਇਰਸ ਨੂੰ ਕਾਬੂ ਕਰਨ ਤੋਂ ਬਾਅਦ ਉਨ੍ਹਾਂ ਨੇ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਵੀ ਘਟਾਇਆ ਹੈ।
ਉਨ੍ਹਾਂ ਕਿਹਾ ਕਿ ਏਸ਼ੀਆ, ਦੱਖਣੀ ਏਸ਼ੀਆ ਅਤੇ ਪੱਛਮੀ ਪ੍ਰਸ਼ਾਂਤ ਦੇ ਜੋ ਦੇਸ਼ ਮੇਰੇ ਦਿਮਾਗ ਵਿੱਚ ਹਨ, ਉਨ੍ਹਾਂ ਨੇ ਅਸਲ ਵਿੱਚ ਵੱਡੇ ਨਿਯਮਾਂ ਦੀ ਪਾਲਣਾ ਕੀਤੀ ਹੈ । ਇਸ ਦੌਰਾਨ WHO ਦੇ ਮੁਖੀ ਟੇਡਰਸ ਅਧਨੋਮ ਨੇ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ, “ਵਿਸ਼ਵ ਭਰ ਵਿੱਚ 4 ਕਰੋੜ ਤੋਂ ਵੱਧ ਲੋਕ ਇਸ ਭਿਆਨਕ ਮਹਾਂਮਾਰੀ ਦਾ ਸਾਹਮਣਾ ਕਰ ਚੁੱਕੇ ਹਨ ਅਤੇ 11 ਲੱਖ ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ ।