ਕਾਬੁਲ ਹਵਾਈ ਅੱਡੇ ‘ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਹਾਲਾਤ ਫਿਰ ਤੋਂ ਸੁਲਝਦੇ ਹੋਏ ਦਿਖਾਈ ਦੇ ਰਹੇ ਹਨ। ਇੱਥੇ ਕਰੀਬ 16 ਘੰਟਿਆਂ ਬਾਅਦ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਿਆ ਜਾ ਰਿਹਾ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਵੀਰਵਾਰ ਨੂੰ ਹੋਏ ਹਮਲੇ ਵਿੱਚ ਹੁਣ ਤੱਕ 103 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਵਿੱਚ 90 ਅਫਗਾਨ ਨਾਗਰਿਕ ਅਤੇ 13 ਅਮਰੀਕੀ ਫੌਜੀ ਸ਼ਾਮਿਲ ਹਨ।
ਦਰਅਸਲ, ਮੀਡੀਆ ਰਿਪੋਰਟਾਂ ਅਨੁਸਾਰ ਹਮਲੇ ਵਿੱਚ ਮਾਰੇ ਗਏ 90 ਅਫਗਾਨੀ ਲੋਕਾਂ ਵਿੱਚ 28 ਤਾਲਿਬਾਨੀ ਲੜਾਕੇ ਵੀ ਸ਼ਾਮਿਲ ਸਨ। ਇਹ ਸਾਰੇ ਤਾਲਿਬਾਨੀ ਏਅਰਪੋਰਟ ਦੇ ਬਾਹਰ ਸੁਰੱਖਿਆ ਵਿੱਚ ਖੜ੍ਹੇ ਸਨ। ਦੱਸਿਆ ਜਾ ਰਿਹਾ ਹੈ ਕਿ ਹਮਲੇ ਵਿੱਚ ਜ਼ਖਮੀਆਂ ਦੀ ਗਿਣਤੀ 1300 ਨੂੰ ਪਾਰ ਕਰ ਗਈ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ISIS ਦੇ ਖਰਾਸਾਨ ਗਰੁੱਪ ਵੱਲੋਂ ਲਈ ਗਈ ਹੈ।
ਦੱਸ ਦੇਈਏ ਕਿ ਬੰਬ ਧਮਾਕਿਆਂ ਨਾਲ ਦਹਿਲੇ ਕਾਬੁਲ ਹਵਾਈ ਅੱਡੇ ‘ਤੇ ਵੀ ਅੱਤਵਾਦੀ ਹਮਲੇ ਹੋ ਸਕਦੇ ਹਨ। ਇੱਕ ਅਮਰੀਕਨ ਰਿਪੋਰਟ ਅਨੁਸਾਰ ਹਵਾਈ ਅੱਡੇ ਦੇ ਉੱਤਰੀ ਗੇਟ ‘ਤੇ ਕਾਰ ਬੰਬ ਬਲਾਸਟ ਦਾ ਖਤਰਾ ਹੈ। ਅਜਿਹੇ ਵਿੱਚ ਕਾਬੁਲ ਸਥਿਤ ਅਮਰੀਕੀ ਦੂਤਾਵਾਸ ਵੱਲੋਂ ਨਵਾਂ ਅਲਰਟ ਜਾਰੀ ਕੀਤਾ ਗਿਆ ਹੈ।