ਭਾਰਤ ‘ਚ ਚੱਲੇ ਕਿਸਾਨੀ ਅੰਦੋਲਨ ਦੀ ਚਰਚਾ ਪੂਰੀ ਦੁਨੀਆ ‘ਚ ਹੋਈ ਹੈ, ਉੱਥੇ ਹੀ ਕਿਸਾਨ ਅੰਦੋਲਨ ਨੇ ਪੂਰੀ ਦੁਨੀਆ ਦੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਲਈ ਅਵਾਜ ਬੁਲੰਦ ਕਰਨ ਦਾ ਵੀ ਇੱਕ ਤਰੀਕਾ ਦੱਸਿਆ ਹੈ। ਭਾਰਤ ਦੇ ਕਿਸਾਨਾਂ ਦੀ ਜਿੱਤ ਤੋਂ ਬਾਅਦ ਹੁਣ ਗੁਆਂਢੀ ਦੇਸ਼ ਪਾਕਿਸਤਾਨ ‘ਚ ਵੀ ਕਿਸਾਨਾਂ ਨੇ ਆਪਣੇ ਹੱਕਾਂ ਦੇ ਲਈ ਅਵਾਜ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ।
ਜਿੱਥੇ ਭਾਰਤ ਵਿੱਚ ਕਿਸਾਨਾਂ ਨੇ ਇੱਕ ਸਾਲ ਦੇ ਸੰਘਰਸ਼ ਤੋਂ ਬਾਅਦ ਮਿਲੀ ਜਿੱਤ ਮਗਰੋਂ ਆਪਣਾ ਅੰਦੋਲਨ ਮੁਲਤਵੀ ਕਰ ਦਿੱਤਾ ਹੈ, ਉੱਥੇ ਹੁਣ ਪੰਜਾਬ, ਪਾਕਿਸਤਾਨ ਵਿੱਚ ਵੀ ਕਿਸਾਨਾਂ ਨੇ ਅਜਿਹਾ ਹੀ ਰਵੱਈਆ ਆਪਣਾ ਲਿਆ ਹੈ। ਕਿਸਾਨ ਬਿਜਲੀ ਬਿੱਲਾਂ ‘ਚ ਓਵਰ ਬਿਲਿੰਗ ਅਤੇ ਕਣਕ ਦੇ ਸਮਰਥਨ ਮੁੱਲ ਦੇ ਮੁੱਦੇ ‘ਤੇ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ। ਪਾਕਿਸਤਾਨ ਕਿਸਾਨ ਇਤੇਹਾਦ (ਪੀਕੇਆਈ) ਦੇ ਨੁਮਾਇੰਦਿਆਂ ਨੇ ਲਾਹੌਰ ਦੇ ਸਿਵਲ ਸਕੱਤਰੇਤ ਵਿਖੇ ਮੁੱਖ ਸਕੱਤਰ ਕਾਮਰਾਨ ਅਲੀ ਅਫਜ਼ਲ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।
ਹਾਲਾਂਕਿ ਇਸ ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਆਪਣਾ ਜ਼ੋਰਦਾਰ ਪ੍ਰਦਰਸ਼ਨ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤਾ ਹੈ। ਇੱਕ ਪਾਕਿਸਤਾਨੀ ਨਿਊਜ਼ ਪੇਪਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਮੁਤਾਬਿਕ ਮੁੱਖ ਸਕੱਤਰ ਕਾਮਰਾਨ ਅਲੀ ਅਫਜ਼ਲ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਉਨ੍ਹਾਂ ਦੇ ਬਿਜਲੀ ਬਿੱਲ ਮੁਆਫ਼ ਕਰਨ ਲਈ ਗੱਲਬਾਤ ਚੱਲ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਕਣਕ ਦੇ ਭਾਅ ਨੂੰ ਲੈ ਕੇ ਵੀ ਚਿੰਤਤ ਹੈ। ਇਸ ਤੋਂ ਇਲਾਵਾ ਪੀ.ਕੇ.ਆਈ ਦੇ ਖਾਲਿਦ ਹੁਸੈਨ ਬੱਟ ਨੇ ਮੁੱਖ ਸਕੱਤਰ ਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ।
ਮੁੱਖ ਸਕੱਤਰ ਕਾਮਰਾਨ ਨੇ ਕਿਹਾ ਕਿ ਇਸ ਦਫ਼ਤਰ ਦੇ ਦਰਵਾਜ਼ੇ ਸਾਰਿਆਂ ਲਈ ਹਮੇਸ਼ਾ ਖੁੱਲ੍ਹੇ ਹਨ, ਕਿਸਾਨਾਂ ਨੂੰ ਆਪਣੀਆਂ ਮੰਗਾਂ ਲਈ ਸੜਕਾਂ ‘ਤੇ ਉਤਰਨ ਦੀ ਕੋਈ ਲੋੜ ਨਹੀਂ ਹੈ। ਸਰਕਾਰ ਕਿਸਾਨਾਂ ਦੀ ਹਰ ਸਮੱਸਿਆ ਦੇ ਹੱਲ ਲਈ ਕੰਮ ਕਰ ਰਹੀ ਹੈ। ਸੂਬਾਈ ਸਰਕਾਰ ਪਹਿਲਾਂ ਹੀ ਬਿਜਲੀ ਬਿੱਲਾਂ ਅਤੇ ਕਣਕ ਦੇ ਸਮਰਥਨ ਮੁੱਲ ਦੇ ਮੁੱਦੇ ‘ਤੇ ਫੈਡਰਲ ਸਰਕਾਰ ਦੇ ਸੰਪਰਕ ‘ਚ ਹੈ। ਉਨ੍ਹਾਂ ਕਿਹਾ ਕਿ ਨਿਸ਼ਚਿਤ ਕੀਮਤ ‘ਤੇ ਯੂਰੀਆ ਦੀ ਉਪਲਬਧਤਾ ਲਈ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਕਣਕ ਦੀ ਫ਼ਸਲ ਅਤੇ ਇਸ ਰਾਹੀਂ ਕਿਸਾਨਾਂ ਦਾ ਸ਼ੋਸ਼ਣ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਸ ਦੌਰਾਨ, ਓਕਾੜਾ ਅਤੇ ਕਸੂਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਦੇਰ ਰਾਤ 2,000 ਤੋਂ ਵੱਧ ਕਿਸਾਨਾਂ ਨੂੰ ਲਾਹੌਰ-ਮੁਲਤਾਨ ਰੋਡ ‘ਤੇ ਵੱਖ-ਵੱਖ ਚੌਰਾਹਿਆਂ ‘ਤੇ ਰੋਕ ਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: