ਬੀਤੇ ਦਿਨੀ ਸਾਊਥੈਂਪਟਨ ਤੋਂ ਜਸਵੰਤ ਸਿੰਘ ਚੈਲ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦਰਅਸਲ, ਕੁੱਝ ਦਿਨ ਪਹਿਲਾਂ ਵਿੰਡਸਰ ਕੈਸਲ ਪਾਰਕ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹੁਣ ਗ੍ਰਿਫਤਾਰ ਕੀਤੇ ਗਏ ਵਿਅਕਤੀ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ।
ਜਸਵੰਤ ਦੇ ਪਿਤਾ, ਜਸਬੀਰ ਸਿੰਘ ਚੈਲ ਨੇ ਕਿਹਾ ਕਿ: “ਸਾਡੇ ਬੇਟੇ ਦੇ ਨਾਲ ਕੁਝ ਬੁਰੀ ਤਰ੍ਹਾਂ ਗਲਤ ਹੋਇਆ ਹੈ ਅਤੇ ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕੀ ਹੋਇਆ ਹੈ। ਸਾਨੂੰ ਉਸ ਨਾਲ ਗੱਲ ਕਰਨ ਦਾ ਮੌਕਾ ਨਹੀਂ ਮਿਲਿਆ ਪਰ ਅਸੀਂ ਉਸ ਨੂੰ ਲੋੜੀਂਦੀ ਮਦਦ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਨਜ਼ਰੀਏ ਤੋਂ, ਅਸੀਂ ਇੱਕ ਮੁਸ਼ਕਿਲ ਸਮੇਂ ਵਿੱਚੋਂ ਲੰਘ ਰਹੇ ਹਾਂ। ਅਸੀਂ ਇਸ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਇਹ ਆਸਾਨ ਨਹੀਂ ਹੈ।”
ਦਰਅਸਲ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਇੱਥੇ ਆਪਣੇ ਪਰਿਵਾਰ ਨਾਲ ਕ੍ਰਿਸਮਸ ਮਨਾ ਰਹੀ ਸੀ। ਨੌਜਵਾਨ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ, ਇੱਕ 19 ਸਾਲਾ ਨੌਜਵਾਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ ਉਹ “ਮਹਾਰਾਣੀ ਦਾ ਕਤਲ” ਕਰਕੇ “ਜਲ੍ਹਿਆਂਵਾਲਾ ਬਾਗ ਦਾ ਬਦਲਾ” ਲੈਣਾ ਚਾਹੁੰਦਾ ਸੀ। ਮੀਡੀਆ ‘ਚ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਕਾਟਲੈਂਡ ਯਾਰਡ ਪੁਲਿਸ ਹਰਕਤ ‘ਚ ਆ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਬ੍ਰਿਟਿਸ਼ ਮੀਡੀਆ ਦੁਆਰਾ ਪੋਸਟ ਕੀਤੀ ਗਈ ਇੱਕ ਸਨੈਪਚੈਟ ਵੀਡੀਓ ਵਿੱਚ, ਨੌਜਵਾਨ ਆਪਣੀ ਪਛਾਣ ਜਸਵੰਤ ਸਿੰਘ ਚੈਲ ਵਜੋਂ ਦੱਸ ਰਿਹਾ ਹੈ। ਵੀਡੀਓ ਵਿੱਚ, ਉਸ ਨੇ ਗੂੜ੍ਹੇ ਰੰਗ ਦੀ ਹੂਡੀ ਪਾਈ ਹੋਈ ਹੈ ਅਤੇ ਇੱਕ ਕਰਾਸਬੋ ਫੜੀ ਹੋਈ ਹੈ। ਉਹ ਬਹੁਤ ਹੀ ਭਾਵੁਕ ਅਤੇ ਬਦਲੀ ਆਵਾਜ਼ ਵਿੱਚ ਕੈਮਰੇ ਨੂੰ ਸੰਬੋਧਨ ਕਰਦਾ ਹੈ। ਵੀਡੀਓ ‘ਚ ਨਕਾਬਪੋਸ਼ ਨੌਜਵਾਨ ਕਹਿੰਦਾ ਹੈ, “ਮੈਂ ਜੋ ਕੀਤਾ ਹੈ ਅਤੇ ਜੋ ਮੈ ਕਰਾਂਗਾ, ਮੈਨੂੰ ਉਸ ਲਈ ਪਛਤਾਵਾ ਹੈ। ਮੈਂ ਸ਼ਾਹੀ ਪਰਿਵਾਰ ਦੀ ਮਹਾਰਾਣੀ ਐਲਿਜ਼ਾਬੈਥ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਾਂਗਾ। ਇਹ ਉਨ੍ਹਾਂ ਲੋਕਾਂ ਦਾ ਬਦਲਾ ਹੈ ਜੋ 1919 ‘ਚ ਜਲਿਆਂਵਾਲਾ ਬਾਗ ਦੇ ਸਾਕੇ ‘ਚ ਮਾਰੇ ਗਏ ਸਨ।” ਇਹ ਉਹਨਾਂ ਲੋਕਾਂ ਦਾ ਬਦਲਾ ਵੀ ਹੈ ਜੋ ਆਪਣੀ ਜਾਤ ਕਾਰਨ ਮਰੇ, ਅਤੇ ਅਪਮਾਨ ਅਤੇ ਵਿਤਕਰੇ ਦਾ ਸਾਹਮਣਾ ਕੀਤਾ। ਮੈਂ ਇੱਕ ਭਾਰਤੀ ਸਿੱਖ, ਇੱਕ ਸਿੱਖ ਹਾਂ। ਮੇਰਾ ਨਾਮ ਜਸਵੰਤ ਸਿੰਘ ਚੈਲ ਸੀ, ਹੁਣ ਮੇਰਾ ਨਾਮ ਡਾਰਥ ਜੋਨਸ ਹੈ।”
ਇਹ ਵੀ ਪੜ੍ਹੋ : ਪੰਜਾਬ ਚੋਣਾਂ : ਕਾਂਗਰਸ ਨੂੰ ਵੱਡਾ ਝਟਕਾ, ਵਿਧਾਇਕ ਫਤਿਹਜੰਗ ਬਾਜਵਾ BJP ‘ਚ ਹੋਣਗੇ ਸ਼ਾਮਿਲ
ਇਸ ਮਾਮਲੇ ਬਾਰੇ ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੱਖਣੀ ਇੰਗਲੈਂਡ ਦੇ ਸਾਊਥੈਂਪਟਨ ਦੇ ਰਹਿਣ ਵਾਲੇ 19 ਸਾਲਾ ਨੌਜਵਾਨ ਨੂੰ ਕ੍ਰਿਸਮਿਸ ਵਾਲੇ ਦਿਨ ਨਿੱਜੀ ਜਾਇਦਾਦ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਹਥਿਆਰ ਰੱਖਣ ਦੇ ਸ਼ੱਕ ‘ਚ ਫੜਿਆ ਗਿਆ ਸੀ। ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਪੈਲੇਸ ਦੇ ਪਾਰਕ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਸ਼ੱਕੀ ਦੇ ਖਿਲਾਫ ਮਾਨਸਿਕ ਸਿਹਤ ਐਕਟ (ਮੈਂਟਲ ਹੈਲਥ ਐਕਟ) ਦੇ ਤਹਿਤ ਕਾਰਵਾਈ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: