Five North Koreans executed: ਉੱਤਰ ਕੋਰੀਆ ਨੇ ਆਪਣੇ ਆਰਥਿਕ ਮੰਤਰਾਲੇ ਦੇ ਪੰਜ ਅਧਿਕਾਰੀਆਂ ਨੂੰ ਕਥਿਤ ਤੌਰ ‘ਤੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਲੋਕਾਂ ਨੇ ਇੱਕ ਡਿਨਰ ਪਾਰਟੀ ਵਿੱਚ ਉੱਤਰ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ ਦੀਆਂ ਨੀਤੀਆਂ ਦੀ ਅਲੋਚਨਾ ਕੀਤੀ ਸੀ। ਇਹ ਮੰਨਿਆ ਜਾਂਦਾ ਹੈ ਕਿ 30 ਜੁਲਾਈ 2019 ਨੂੰ ਇਨ੍ਹਾਂ ਅਧਿਕਾਰੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ।
ਦਰਅਸਲ, ਰਿਪੋਰਟਾਂ ਦੇ ਅਨੁਸਾਰ ਆਰਥਿਕ ਮੰਤਰਾਲੇ ਦੇ ਪੰਜ ਅਧਿਕਾਰੀ ਉੱਤਰ ਕੋਰੀਆ ਦੀ ਸੁਚੱਜੇ ਅਰਥਚਾਰੇ ਬਾਰੇ ਖੁੱਲ੍ਹ ਕੇ ਗੱਲ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਅਧਿਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਯੋਡੇੋਕ ਦੇ ਰਾਜਨੀਤਿਕ ਕੈਂਪ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਉੱਤਰੀ ਕੋਰੀਆ ਦੀ ਆਰਥਿਕ ਸਥਿਤੀ ਬਹੁਤ ਖਰਾਬ ਹੈ। ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਦੀ ਸਥਿਤੀ ਬਹੁਤ ਪ੍ਰਭਾਵਿਤ ਹੋਈ ਹੈ। ਉੱਤਰੀ ਕੋਰੀਆ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਵਿੱਚ ਗਿਣਿਆ ਜਾਂਦਾ ਹੈ। ਇਹ ਕਿਹਾ ਜਾ ਰਿਹਾ ਹੈ ਕਿ ਡਿਨਰ ਪਾਰਟੀ ਵਿੱਚ ਕਿਮ ਜੋਂਗ ਉਨ ਦੀਆਂ ਨੀਤੀਆਂ ਦੀ ਅਲੋਚਨਾ ਕਰਨ ਵਾਲੇ ਅਧਿਕਾਰੀਆਂ ਬਾਰੇ ਪਹਿਲਾਂ ਉਨ੍ਹਾਂ ਦੇ ਬੌਸ ਨੂੰ ਪਤਾ ਲੱਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਮੀਟਿੰਗ ਲਈ ਬੁਲਾਇਆ ਗਿਆ ਅਤੇ ਫਿਰ ਸੀਕ੍ਰੇਟ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਨੂੰ ਗੁਨਾਹ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ।
ਦੱਸਿਆ ਜਾ ਰਿਹਾ ਹੈ ਕਿ ਆਰਥਿਕ ਮੰਤਰਾਲੇ ਦੇ ਇਹ ਅਧਿਕਾਰੀ ਆਰਥਿਕਤਾ ਵਿੱਚ ਸੁਧਾਰ ਲਿਆਉਣ ਲਈ ਉਦਯੋਗਿਕ ਸੁਧਾਰ ਦੀ ਜ਼ਰੂਰਤ ਅਤੇ ਅੰਤਰਰਾਸ਼ਟਰੀ ਵਿਸ਼ਵ ਤੋਂ ਸਹਿਯੋਗ ਲੈਣ ਲਈ ਗੱਲ ਕਰ ਰਹੇ ਸਨ। ਉੱਤਰੀ ਕੋਰੀਆ ਨੂੰ ਅਜੇ ਵੀ ਬਹੁਤ ਸਾਰੀਆਂ ਆਰਥਿਕ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਝ ਦਿਨ ਪਹਿਲਾਂ ਇਹ ਵੀ ਖ਼ਬਰ ਆਈ ਸੀ ਕਿ ਕਿਮ ਜੋਂਗ ਉਨ ਨੇ ਫਾਇਰਿੰਗ ਸਕੁਐਡ ਰਾਹੀਂ ਆਪਣੇ ਚਾਚੇ ਨੂੰ ਵੀ ਮਾਰ ਦਿੱਤਾ ਸੀ।