France airstrike in mali: ਪਿੱਛਲੇ ਦਿਨੀਂ ਫਰਾਂਸ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਯੂਰਪ ਵਿੱਚ ਹੱਲਚਲ ਮੱਚ ਗਈ ਹੈ। ਫਰਾਂਸ ਨੇ ਅਲ ਕਾਇਦਾ ਦੇ ਅੱਤਵਾਦੀਆਂ ਉੱਤੇ ਜ਼ਬਰਦਸਤ ਹਮਲਾ ਕੀਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਫਰਾਂਸ ਦੀ ਇਸ ਕਾਰਵਾਈ ਵਿੱਚ ਅਲ-ਕਾਇਦਾ ਦੇ ਤਕਰੀਬਨ 50 ਅੱਤਵਾਦੀ ਮਾਰੇ ਗਏ ਹਨ। ਫਰਾਂਸ ਨੇ ਸੋਮਵਾਰ ਨੂੰ ਇਹ ਹਮਲਾ ਕੀਤਾ ਸੀ। ਫਰਾਂਸ ਨੇ ਇਹ ਹਮਲਾ ਮਿਰਾਜ ਲੜਾਕੂ ਜਹਾਜ਼ਾਂ ਅਤੇ ਡਰੋਨਾਂ ਰਾਹੀਂ ਕੀਤਾ ਸੀ। ਇਸ ਤੋਂ ਇਲਾਵਾ ਲੱਗਭਗ ਚਾਰ ਅੱਤਵਾਦੀ ਜ਼ਿੰਦਾ ਵੀ ਫੜੇ ਗਏ ਹਨ। ਫਰਾਂਸ ਵਿੱਚ ਪੈਗੰਬਰ ਮੁਹੰਮਦ ਦੇ ਕਾਰਟੂਨ ਬਣਾਉਣ ਦੇ ਵਿਵਾਦ ਤੋਂ ਬਾਅਦ ਕਈ ਸ਼ਹਿਰਾਂ ਵਿੱਚ ਅੱਤਵਾਦੀ ਹਮਲੇ ਦੀਆਂ ਘਟਨਾਵਾਂ ਵਾਪਰੀਆਂ ਸਨ। ਜਿਸ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਹਿੰਸਾ ਦਾ ਸਮਰਥਨ ਨਹੀਂ ਕਰਦੇ ਅਤੇ ਅਜਿਹਾ ਕਰਨ ਵਾਲਿਆਂ ਨੂੰ ਸਬਕ ਸਿਖਾਇਆ ਜਾਵੇਗਾ।
ਇੱਕ ਸੈਨਾ ਦੇ ਅਧਿਕਾਰੀ ਨੇ ਦੱਸਿਆ ਕਿ ਅੱਤਵਾਦੀਆਂ ਦਾ ਇਹ ਗਰੁੱਪ ਸੈਨਾ ਦੇ ਅੱਡੇ ਉੱਤੇ ਹਮਲਾ ਕਰਨ ਦੀ ਵੀ ਤਿਆਰੀ ਕਰ ਰਿਹਾ ਸੀ। ਇਨ੍ਹਾਂ ਕੋਲੋਂ ਆਤਮਘਾਤੀ ਹਮਲਿਆਂ ਲਈ ਵੱਡੀ ਮਾਤਰਾ ਵਿੱਚ ਵਿਸਫੋਟਕ ਅਤੇ ਹਮਲੇ ਦੌਰਾਨ ਵਰਤੀ ਜਾਣ ਵਾਲੀ ਇੱਕ ਜੈਕਟ ਵੀ ਬਰਾਮਦ ਕੀਤੀ ਗਈ ਹੈ। ਫਰਾਂਸ ਦੀ ਸਰਕਾਰ ਦੇ ਅਨੁਸਾਰ ਇਨ੍ਹਾਂ ਅੱਤਵਾਦੀਆਂ ਦੇ ਅਲ ਕਾਇਦਾ ਨਾਲ ਸੰਬੰਧ ਸਨ। ਜਿਸ ਸਮੇਂ ਅੱਤਵਾਦੀ ਮੋਟਰਸਾਈਕਲਾਂ ‘ਤੇ ਇੱਕ ਗਰੁੱਪ ਵਿੱਚ ਜਾ ਰਹੇ ਸਨ, ਫਰਾਂਸ ਦੀ ਫੌਜ ਨੇ ਉਨ੍ਹਾਂ ਨੂੰ ਦੇਖਿਆ ਅਤੇ ਫਿਰ ਡਰੋਨ ਦੇ ਜ਼ਰੀਏ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਇਸ ਦੇ ਇਲਾਵਾ ਯੂਰਪ ਦੇ ਆਸਟਰੀਆ ਦੇਸ਼ ਦੇ ਵਿਆਨਾ ਸ਼ਹਿਰ ਵਿੱਚ ਵੀ ਮੁੰਬਈ ਵਰਗਾ ਅੱਤਵਾਦੀ ਹਮਲਾ ਹੋਇਆ ਹੈ। ਇੱਥੇ ਅੱਤਵਾਦੀਆਂ ਨੇ 6 ਵੱਖ-ਵੱਖ ਥਾਵਾਂ ‘ਤੇ ਗੋਲੀਬਾਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਅੱਤਵਾਦੀ ਘਟਨਾ ਵਿੱਚ ਇੱਕ ਹਮਲਾਵਰ ਸਣੇ 7 ਲੋਕਾਂ ਦੀ ਮੌਤ ਹੋ ਗਈ ਹੈ । ਵਿਆਨਾ ਪੁਲਿਸ ਵਿਭਾਗ ਅਨੁਸਾਰ ਇਸ ਹਮਲੇ ਵਿੱਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ। ਦੱਸ ਦੇਈਏ ਕਿ ਇਸ ਘਟਨਾ ਤੋਂ ਬਾਅਦ ਲੋਕਾਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਘਰ ਦੇ ਅੰਦਰ ਰਹਿਣ ਲਈ ਕਿਹਾ ਗਿਆ ਹੈ । ਇਸਦੇ ਨਾਲ ਹੀ ਉਨ੍ਹਾਂ ਥਾਵਾਂ ‘ਤੇ ਜਨਤਕ ਆਵਾਜਾਈ ਨੂੰ ਵੀ ਰੋਕ ਦਿੱਤਾ ਗਿਆ ਹੈ।