France Charlie Hebdo republishes: ਪੈਰਿਸ: ਫਰਾਂਸ ਦੀ ਵਿਅੰਗਾਤਮਕ ਮੈਗਜ਼ੀਨ ਸ਼ਾਰਲੀ ਐਬਦੋ ਨੇ ਪੈਗੰਬਰ ਮੁਹੰਮਦ ਦੇ ਉਨ੍ਹਾਂ ਕਾਰਟੂਨਾਂ ਨੂੰ ਮੁੜ ਪ੍ਰਕਾਸ਼ਿਤ ਕੀਤਾ ਹੈ ਜਿਨ੍ਹਾਂ ਕਾਰਨ ਸਾਲ 2015 ਵਿੱਚ ਉਹ ਅੱਤਵਾਦੀ ਹਮਲੇ ਦਾ ਨਿਸ਼ਾਨਾ ਬਣੀ ਸੀ । ਇਨ੍ਹਾਂ ਕਾਰਟੂਨਾਂ ਨੂੰ ਅਜਿਹੇ ਸਮੇਂ ਵਿੱਚ ਮੁੜ ਪ੍ਰਕਾਸ਼ਿਤ ਕੀਤਾ ਗਿਆ ਹੈ ਜਦੋਂ ਇੱਕ ਦਿਨ ਬਾਅਦ ਹੀ ਸਾਲ 2015 ਨੂੰ ਸ਼ਾਰਲੀ ਐਬਦੋ ਦੇ ਦਫਤਰ ‘ਤੇ ਹਮਲਾ ਕਰਨ ਵਾਲਿਆਂ ਦੀ ਮਦਦ ਕਰਨ ਦੇ ਦੋਸ਼ ਵਿੱਚ14 ਲੋਕਾਂ ‘ਤੇ ਮੁਕੱਦਮਾ ਸ਼ੁਰੂ ਹੋਣ ਵਾਲਾ ਹੈ। ਇਸ ਹਮਲੇ ਵਿੱਚ ਮੈਗਜ਼ੀਨ ਦੇ ਕਾਰਟੂਨਿਸਟਾਂ ਸਮੇਤ 12 ਲੋਕਾਂ ਦੀ ਮੌਤ ਹੋ ਗਈ ਸੀ। ਕੁਝ ਦਿਨ ਬਾਅਦ ਪੈਰਿਸ ਵਿੱਚ ਇਸੇ ਨਾਲ ਜੁੜਿਆ ਇੱਕ ਹੋਰ ਹਮਲਾ ਹੋਇਆ ਸੀ, ਜਿਸ ਵਿੱਚ ਪੰਜ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਹਮਲੇ ਦੇ ਬਾਅਦ ਪੂਰੇ ਫਰਾਂਸ ਵਿੱਚ ਜਿਹਾਦੀ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।
ਦਰਅਸਲ, ਮੈਗਜ਼ੀਨ ਦੇ ਕਵਰ ਪੇਜ ‘ਤੇ ਪੈਗਬੰਰ ਮੁਹੰਮਦ ਦੇ ਉਹ 12 ਕਾਰਟੂਨ ਛਾਪੇ ਗਏ ਹਨ, ਜਿਨ੍ਹਾਂ ਨੂੰ ਸ਼ਾਰਲੀ ਐਬਦੋ ਵਿੱਚ ਪ੍ਰਕਾਸ਼ਿਤ ਹੋਣ ਤੋਂ ਪਹਿਲਾਂ ਡੈਨਮਾਰਕ ਦੇ ਇੱਕ ਅਖਬਾਰ ਨੇ ਛਾਪਿਆ ਸੀ। ਇਨ੍ਹਾਂ ਵਿੱਚੋਂ ਇੱਕ ਕਾਰਟੂਨ ਵਿੱਚ ਪੈਗੰਬਰ ਮੁਹੰਮਦ ਨੂੰ ਪੱਗ ਦੀ ਬਜਾਏ ਬੰਬ ਪਾਏ ਹੋਏ ਦਿਖਾਇਆ ਗਿਆ ਹੈ। ਫ੍ਰੈਂਚ ਹੈੱਡਲਾਈਨ ਵਿੱਚ ਕਿਹਾ ਗਿਆ ਹੈ-ਇਸ ਇੱਕ ਕਾਰਟੂਨ ਦੇ ਲਈ ਇੰਨਾ ਸਭ ਕੁਝ।
ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਸਾਲ 2015 ਵਿੱਚ ਹੋਏ ਹਮਲੇ ਦੇ ਬਾਅਦ ਲੋਕ ਪੈਗੰਬਰ ਦੇ ਉਨ੍ਹਾਂ ਕਾਰਟੂਨਾਂ ਨੂੰ ਪ੍ਰਕਾਸ਼ਿਤ ਕਰਨ ਦੀ ਮੰਗ ਕਰਦੇ ਰਹੇ ਹਨ । ਮੈਗਜ਼ੀਨ ਦੇ ਸੰਪਾਦਕ ਨੇ ਲਿਖਿਆ ਅਸੀਂ ਹਮੇਸ਼ਾ ਅਜਿਹਾ ਕਰਨ ਤੋਂ ਮਨ੍ਹਾਂ ਕੀਤਾ ਪਰ ਇਸ ਲਈ ਨਹੀਂ ਕਿ ਉਹ ਪਾਬੰਦੀਸ਼ੁਦਾ ਹਨ । ਕਾਨੂੰਨ ਸਾਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ, ਪਰ ਅਜਿਹਾ ਕਰਨ ਦੇ ਪਿੱਛੇ ਚੰਗਾ ਕਾਰਨ ਹੋਣਾ ਚਾਹੀਦਾ ਸੀ, ਅਜਿਹੀ ਵਜ੍ਹਾ ਜਿਸ ਦਾ ਕੋਈ ਮਤਲਬ ਹੋਵੇ ਅਤੇ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਸਿਹਤਮੰਦ ਬਹਿਸ ਸ਼ੁਰੂ ਹੋ ਸਕੇ। ਜਨਵਰੀ 2015 ਵਿੱਚ ਹੋਏ ਅੱਤਵਾਦੀ ਹਮਲਿਆਂ ਦੇ ਟ੍ਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਸਾਨੂੰ ਇਨ੍ਹਾਂ ਕਾਰਟੂਨਾਂ ਨੂੰ ਛਾਪਣਾ ਜ਼ਰੂਰੀ ਲੱਗਿਆ ।
ਉੱਥੇ ਹੀ ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਵਿਅੰਗਕਾਰੀ ਮੈਗਜ਼ੀਨ ਵਿੱਚ ਕਾਰਟੂਨ ਨੂੰ ਦੁਬਾਰਾ ਪ੍ਰਕਾਸ਼ਿਤ ਕਰਨ ਦੇ ਫੈਸਲੇ ‘ਤੇ ਕੋਈ ਟਿੱਪਣੀ ਨਹੀਂ ਕਰਨਗੇ । ਮੈਕਰੋਨ ਨੇ ਕਿਹਾ ਕਿ ਫਰਾਂਸ ਵਿੱਚ ਹਮੇਸ਼ਾਂ ਪ੍ਰਗਟਾਵੇ ਦੀ ਆਜ਼ਾਦੀ ਰਹੀ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਲਈ ਇਹ ਉਚਿਤ ਨਹੀਂ ਹੈ ਕਿ ਉਹ ਕਿਸੇ ਪੱਤਰਕਾਰ ਜਾਂ ਨਿਊਜ਼ ਰੂਮ ਦੀ ਸੰਪਾਦਕੀ ਚੋਣ ਲਈ ਕਿਸੇ ਕਿਸਮ ਦਾ ਜਵਾਬ ਦੇਣ ।