French billionaire politician Olivier: ਫਰਾਂਸ ਦੇ ਅਰਬਪਤੀ ਕਾਰੋਬਾਰੀ ਓਲੀਵੀਅਰ ਦਾਸਾਲਟ ਦੀ ਇੱਕ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਹੈ। ਦਾਸਾਲਟ ਦੀ ਮੌਤ ’ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਸੋਗ ਜਤਾਇਆ ਹੈ। ਦਾਸਾਲਟ ਦੀ ਕੰਪਨੀ ਰਾਫੇਲ ਫਾਈਟਰ ਜੈਟ ਬਣਾਉਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਦਾਸਾਲਟ ਛੁੱਟੀਆਂ ਮਨਾਉਣ ਲਈ ਗਏ ਸਨ, ਜਿੱਥੇ ਉਨ੍ਹਾਂ ਦਾ ਨਿੱਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਓਲੀਵੀਅਰ ਦਾਸਾਲਟ ਦੇ ਪਾਇਲਟ ਦੀ ਵੀ ਮੌਤ ਹੋ ਗਈ ਹੈ।
ਦਾਸਾਲਟ ਫਰਾਂਸ ਦੀ ਸੰਸਦ ਦੇ ਮੈਂਬਰ ਵੀ ਸਨ। ਫ੍ਰਾਂਸੀਸੀ ਉਦਯੋਗਪਤੀ ਸਰਜ ਦਾਸਾਲਟ ਦੇ ਸਭ ਤੋਂ ਵੱਡੇ ਪੁੱਤਰ ਅਤੇ ਦਾਸਾਲਟ ਦੇ ਸੰਸਥਾਪਕ ਮਾਰਕੇਲ ਦਾਸਾਲਟ ਦੇ ਪੋਤੇ ਓਲੀਵੀਅਰ ਦਾਸਾਲਟ ਦੀ ਉਮਰ 69 ਸਾਲ ਸੀ। ਰਾਜਨੀਤਕ ਕਾਰਨਾਂ ਅਤੇ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ ਓਲੀਵੀਅਰ ਦੇ ਦਾਸਾਲਟ ਬੋਰਡ ਤੋਂ ਆਪਣਾ ਨਾਮ ਵਾਪਸ ਲੈ ਲਿਆ ਸੀ। ਸਾਲ 2020 ਫੋਰਬਸ ਦੀ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਦਾਸਾਲਟ ਨੂੰ ਆਪਣੇ 2 ਭਾਰਾਵਾਂ ਅਤੇ ਭੈਣ ਨਾਲ 361ਵਾਂ ਸਥਾਨ ਮਿਲਿਆ ਸੀ। ਦਾਸਾਲਟ ਸਮੂਹ ਕੋਲ ਏਵੀਏਸ਼ਨ ਕੰਪਨੀ ਦੇ ਇਲਾਵਾ ਇੱਕ ਅਖ਼ਬਾਰ ਵੀ ਹੈ। ਸਾਲ 2002 ਵਿੱਚ ਉਹ ਫਰਾਂਸ ਦੀ ਨੈਸ਼ਨਲ ਅੰਸੈਂਬਲੀ ਲਈ ਚੁਣੇ ਗਏ ਸਨ ਅਤੇ ਫਰਾਂਸ ਦੇ ਓਈਸ ਏਰੀਆ ਦੀ ਨੁਮਾਇੰਦਗੀ ਕਰਦੇ ਸਨ। ਰਿਪਬਲੀਕਨ ਪਾਰਟੀ ਦੇ ਸਾਂਸਦ ਦਾਸਾਲਟ ਦੀ ਸੰਪਤੀ ਕਰੀਬ 7.3 ਅਰਬ ਅਮਰੀਕੀ ਡਾਲਰ ਹੈ।
ਦੱਸ ਦੇਈਏ ਕਿ ਦਾਸਾਲਟ ਦੇ ਦਿਹਾਂਤ ’ਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਇੱਕ ਟਵੀਟ ਕਰ ਕੇ ਦੁੱਖ ਜਤਾਇਆ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਓਲੀਵੀਅਰ ਫਰਾਂਸ ਨਾਲ ਪਿਆਰ ਕਰਦੇ ਸਨ। ਉਨ੍ਹਾਂ ਨੇ ਉਦਯੋਗ, ਨੇਤਾ, ਹਵਾਈ ਫ਼ੌਜ ਦੇ ਕਮਾਂਡਰ ਦੇ ਤੌਰ ’ਤੇਦੇਸ਼ ਦੀ ਸੇਵਾ ਕੀਤੀ, ਉਨ੍ਹਾਂ ਦਾ ਦਿਹਾਂਤ ਇਕ ਬਹੁਤ ਵੱਡਾ ਨੁਕਸਾਨ ਹੈ, ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਪ੍ਰਤੀ ਡੂੰਘੀ ਹਮਦਰਦੀ।
ਇਹ ਵੀ ਦੇਖੋ: ਕੈਪਟਨ ਦਾ ਘਰ ਘੇਰਨ ਜਾ ਰਹੀਆਂ ਬੇਰੁਜ਼ਗਾਰ ਟੀਚਰਾਂ ‘ਤੇ ਪੁਲਿਸ ਦਾ ਤਸ਼ੱਦਦ, ਚਲਾਈਆਂ ਡਾਂਗਾ