Game-changing coronavirus antibody test: ਆਕਸਫੋਰਡ ਯੂਨੀਵਰਸਿਟੀ, ਜੋ ਕਿ ਕੋਰੋਨਾ ਵਾਇਰਸ ਵੈਕਸੀਨ ਦੀ ਦੌੜ ਵਿੱਚ ਸਭ ਤੋਂ ਅੱਗੇ ਹੈ, ਨੂੰ ਇਕ ਹੋਰ ਵੱਡੀ ਸਫਲਤਾ ਮਿਲੀ ਹੈ। ਆਕਸਫੋਰਡ ਯੂਨੀਵਰਸਿਟੀ ਨੇ ਬ੍ਰਿਟੇਨ ਦੀਆਂ ਪ੍ਰਮੁੱਖ ਫਰਮਾਂ ਦੇ ਸਹਿਯੋਗ ਨਾਲ ਇੱਕ ‘ਗੇਮ ਚੇਂਜਿੰਗ’ ਐਂਟੀਬਾਡੀ ਟੈਸਟ ਕਿੱਟ ਤਿਆਰ ਕੀਤੀ ਹੈ ਜਿਸਨੂੰ ਇੱਕ ਵੱਡੇ ਟ੍ਰਾਇਲ ਵਿੱਚ ਸ਼ਾਨਦਾਰ ਸਫਲਤਾ ਮਿਲੀ ਹੈ। ਇਸ ਨਾਲ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਵੱਡੀ ਆਬਾਦੀ ਦਾ ਟੈਸਟ ਹੋ ਸਕਦਾ ਹੈ। ਇਸ ਲਈ ਕੋਈ ਲੈਬ ਦੀ ਲੋੜ ਨਹੀਂ ਪਵੇਗੀ।
ਇੱਕ ਰਿਪੋਰਟ ਅਨੁਸਾਰ ਆਕਸਫੋਰਡ ਦੇ ਜਿਸ ਐਂਟੀਬਾਡੀ ਟੈਸਟ AbC-19 lateral flow test ਨੂੰ ਸਫਲਤਾ ਮਿਲੀ ਹੈ, ਉਸਨੂੰ ਬ੍ਰਿਟੇਨ ਦੀ ਸਰਕਾਰ ਦਾ ਸਮਰਥਨ ਹਾਸਿਲ ਹੈ। ਹੁਣ ਸਰਕਾਰ ਲੱਖਾਂ ਐਂਟੀਬਾਡੀ ਟੈਸਟ ਕਿੱਟਾਂ ਨੂੰ ਪ੍ਰੈਗਨੈਂਸੀ ਸਟਾਈਲ ਟੈਸਟ ਕਿੱਟਾਂ ਵਜੋਂ ਤਿਆਰ ਕਰਨ ਦੀ ਯੋਜਨਾ ਬਣਾ ਰਹੀ ਹੈ। ਨਵੀਂ ਐਂਟੀਬਾਡੀ ਟੈਸਟ ਕਿੱਟ ਦੇ ਨਾਲ ਲੋਕ ਆਪਣੇ ਟੈਸਟ ਬਹੁਤ ਅਸਾਨੀ ਨਾਲ ਘਰ ਵਿੱਚ ਕਰ ਸਕਣਗੇ। ਟ੍ਰਾਇਲ ਦੌਰਾਨ ਇਹ ਪਾਇਆ ਗਿਆ ਕਿ ਇਸ ਐਂਟੀਬਾਡੀ ਟੈਸਟ ਕਿੱਟ ਨੇ 98.6 ਪ੍ਰਤੀਸ਼ਤ ਸਹੀ ਨਤੀਜੇ ਦਿੱਤੇ। ਇਸ ਕਿੱਟ ਦਾ ਟ੍ਰਾਇਲ ਤਕਰੀਬਨ 300 ਲੁੱਕਣ ‘ਤੇ ਕੀਤਾ ਗਿਆ ਸੀ ।
ਦੱਸ ਦੇਈਏ ਕਿ ਇਸ ਨਵੀਂ ਟੈਸਟ ਕਿੱਟ ਨਾਲ ਲੋਕ ਘਰ ਵਿੱਚ ਸਿਰਫ 20 ਮਿੰਟਾਂ ਵਿੱਚ ਇਹ ਪਤਾ ਲਗਾਉਣ ਦੇ ਯੋਗ ਹੋਣਗੇ ਕਿ ਕੀ ਉਨ੍ਹਾਂ ਨੂੰ ਕਦੇ ਕੋਰੋਨਾ ਦੀ ਲਾਗ ਹੋਈ ਸੀ ਜਾਂ ਨਹੀਂ। ਇਸ ਤੋਂ ਪਹਿਲਾਂ ਬ੍ਰਿਟੇਨ ਵਿੱਚ ਜੋ ਐਂਟੀਬਾਡੀ ਟੈਸਟ ਹੋ ਰਹੇ ਸੀ, ਉਨ੍ਹਾਂ ਵਿੱਚ ਖੂਨ ਦੇ ਨਮੂਨੇ ਲੈਬ ਵਿੱਚ ਭੇਜਣੇ ਪੈਂਦੇ ਸਨ। ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਸਰ ਜਾਨ ਬੈੱਲ ਨੇ ਕਿਹਾ ਕਿ ਇਹ ਤੇਜ਼ ਟੈਸਟ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ । ਇਸ ਦੇ ਨਾਲ ਹੀ ਨਤੀਜੇ ਆਉਣ ਤੋਂ ਪਹਿਲਾਂ ਹੀ ਲੱਖਾਂ ਟੈਸਟ ਕਿੱਟਾਂ ਫੈਕਟਰੀ ਵਿੱਚ ਇਸ ਉਮੀਦ ਵਿੱਚ ਤਿਆਰ ਕੀਤੀਆਂ ਗਈਆਂ ਹਨ ਕਿ ਨਤੀਜਾ ਚੰਗਾ ਆਉਣ ਵਾਲਾ ਹੈ। ਹੁਣ ਕੁਝ ਦਿਨਾਂ ਵਿਚ ਇਸ ਟੈਸਟ ਕਿੱਟ ਨੂੰ ਰਸਮੀ ਪ੍ਰਵਾਨਗੀ ਮਿਲ ਸਕਦੀ ਹੈ।