ਪੱਛਮੀ ਜਰਮਨੀ ਵਿੱਚ ਪੁਲਿਸ ਨੇ ਸਵੀਡਿਸ਼ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਤੇ ਹੋਰ ਪ੍ਰਦਰਸ਼ਨਕਾਰੀਆਂ ਨੂੰ ਮੰਗਲਵਾਰ ਨੂੰ ਇੱਕ ਖੁੱਲ੍ਹੀ ਕੋਲੇ ਦੀ ਖਾਨ ਦੇ ਕੋਲੋਂ ਹਿਰਾਸਤ ਵਿੱਚ ਲਿਆ। ਇੱਥੇ ਇਹ ਲੋਕ ਖਾਨ ਦੇ ਵਿਸਤਾਰ ਦੇ ਲਈ ਰਸਤਾ ਬਣਾਉਣ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਤਸਵੀਰਾਂ ‘ਚ ਤੁਸੀਂ ਦੇਖ ਸਕਦੇ ਹੋ ਕਿ ਹੈਲਮੇਟ ਪਹਿਨੇ ਪੁਲਿਸ ਅਧਿਕਾਰੀ ਗ੍ਰੇਟਾ ਥਨਬਰਗ ਨੂੰ ਲੈ ਕੇ ਜਾ ਰਹੇ ਹਨ।
ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਕਾਰਕੁਨਾਂ ਨੂੰ ਰਸਮੀ ਤੌਰ ‘ਤੇ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਇਕ ਸਥਾਨਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਗ੍ਰੇਟਾ ਥਨਬਰਗ ਪ੍ਰਦਰਸ਼ਨਕਾਰੀਆਂ ਦੇ ਸਮੂਹ ਵਿੱਚ ਸ਼ਾਮਲ ਹੋਈ ਸੀ। ਦਰਅਸਲ ਜਰਮਨੀ ਵਿਚ ਉੱਤਰੀ ਰਾਈਨ-ਵੈਸਟਫਾਲੀਆ ਵਿੱਚ ਇੱਕ ਖਾਨ ਦੇ ਵਿਸਥਾਰ ਲਈ ਇਕ ਪਿੰਡ ਨੂੰ ਖਾਲੀ ਕਰਨ ਅਤੇ ਉਸ ਨੂੰ ਢਾਹੁਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜਲਵਾਯੂ ਕਾਰਕੁੰਨਾਂ ਦਾ ਮੰਨਣਾ ਹੈ ਕਿ ਜਰਮਨੀ ਨੂੰ ਮਾਈਨਿੰਗ ਕਾਰਜਾਂ ਵਿਚ ਸ਼ਾਮਲ ਨਹੀਂ ਹੋਣਾ ਚਾਹੀਦਾ, ਸਗੋਂ ਨਵਿਆਉਣਯੋਗ ਊਰਜਾ ਵਿਕਲਪਾਂ ‘ਤੇ ਧਿਆਨ ਦੇਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਦੁਨੀਆ ਦੀ ਸਭ ਤੋਂ ਬਜ਼ੁਰਗ ਔਰਤ ਲੂਸਿਲ ਰੈਂਡਨ ਦਾ 118 ਸਾਲ ਦੀ ਉਮਰ ‘ਚ ਦੇਹਾਂਤ
ਇੱਕ ਨਿਊਜ਼ ਏਜੰਸੀ ਨੇ ਦੱਸਿਆ ਕਿ ਧਰਨਾ ਪ੍ਰਦਰਸ਼ਨ ਵਾਲੀ ਥਾਂ ਤੋਂ ਮੌਜੂਦ ਪ੍ਰਦਰਸ਼ਨਕਾਰੀਆਂ ਤੋਂ ਪੁਲਿਸ ਨੇ ਪਹਿਲਾਂ ਟ੍ਰੈਕ ਨੂੰ ਖਾਲੀ ਕਰਨ ਦੀ ਬੇਨਤੀ ਕੀਤੀ, ਪਰ ਲੋਕਾਂ ਦੇ ਨਾ ਮੰਨਣ ‘ਤੇ ਪੁਲਿਸ ਨੇ ਗ੍ਰੇਟਾ ਥਨਬਰਗ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਤੋਂ ਇਲਾਵਾ ਕਈ ਲੋਕਾਂ ਨੇ ਇੰਡੇਨ ਦੀ ਕੋਲਾ ਖਾਨ ਵਿੱਚ ਇੱਕ ਵਿਸ਼ਾਲ ਡਿਗਰ ‘ਤੇ ਕਬਜ਼ਾ ਕਰ ਲਿਆ। ਜਦਕਿ ਸੈਂਕੜੇ ਹੋਰ ਪ੍ਰਦਰਸ਼ਨਕਾਰੀਆਂ ਇੱਕ ਵਿਰੋਸ਼ ਪ੍ਰਦਰਸ਼ਨ ਵਿੱਚ ਸ਼ਮਾਇਲ ਹੋਏ। ਗ੍ਰੇਟਾ ਥਨਬਰਗ ਖਾਨ ਖਿਲਾਫ਼ ਹਫ਼ਤਾਵਾਰੀ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਦੇ ਲਈ ਪੱਛਮੀ ਜਰਮਨੀ ਪਹੁੰਚੀ ਸੀ ਤੇ ਮੰਗਲਵਾਰ ਨੂੰ ਇੱਕ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈ ਸੀ।
ਦੱਸ ਦੇਈਏ ਕਿ ਗ੍ਰੇਟਾ ਥਨਬਰਗ ਨੇ ਉੱਥੇ ਲਗਭਗ 6,000 ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕੀਤਾ ਜੋ ਲੂਟਜ਼ਰਥ ਵੱਲ ਮਾਰਚ ਕਰ ਰਹੇ ਸਨ। ਗ੍ਰੇਟਾ ਨੇ ਖਾਨ ਦੇ ਵਿਸਥਾਰ ਨੂੰ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਵਿਸ਼ਵਾਸਘਾਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਰਮਨੀ ਦੁਨੀਆ ਦਾ ਸਭ ਤੋਂ ਵੱਡਾ ਪ੍ਰਦੂਸ਼ਣ ਫੈਲਾਉਣ ਵਾਲਾ ਦੇਸ਼ ਹੈ ਅਤੇ ਇਸ ਲਈ ਦੁਨੀਆ ਭਰ ਵਿੱਚ ਜਵਾਬਦੇਹ ਹੋਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: