ਮੈਕਸੀਕੋ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸੈਂਟਰਲ ਮੈਕਸੀਕੋ ਦੇ ਇੱਕ ਇਲਾਕੇ ਵਿੱਚ ਨਸ਼ਾ ਤਸਕਰਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ।
ਗੋਲੀਬਾਰੀ ਦੀ ਘਟਨਾ ਵਿੱਚ ਮਾਰੇ ਗਏ ਲੋਕਾਂ ਵਿੱਚ ਇੱਕ 1 ਸਾਲ ਦੀ ਅਤੇ ਇੱਕ 16 ਸਾਲ ਦੀ ਲੜਕੀ ਵੀ ਸ਼ਾਮਿਲ ਹੈ। ਮੈਕਸੀਕੋ ਖੇਤਰੀ ਪ੍ਰੌਸੀਕਿਊਟਰ ਦੇ ਦਫਤਰ ਦੇ ਅਨੁਸਾਰ, ਮੰਗਲਵਾਰ ਦੇਰ ਰਾਤ ਗੁਆਨਾਜੁਆਟੋ ਰਾਜ ਦੇ ਸਿਲਾਓ ਨਗਰਪਾਲਿਕਾ ਖੇਤਰ ਵਿੱਚ ਦੋ ਮੋਟਰਸਾਈਕਲ ਸਵਾਰ ਬੰਦੂਕਧਾਰੀਆਂ ਨੇ ਘਰਾਂ ‘ਤੇ ਗੋਲੀਬਾਰੀ ਕੀਤੀ। ਇਸ ਘਟਨਾ ਵਿੱਚ ਦੋ ਬੱਚਿਆਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਰਾਜ ਦੇ ਗ੍ਰਹਿ ਸਕੱਤਰ ਲੀਬੀਆ ਗਾਰਸੀਆ ਨੇ ਟਵੀਟ ਕੀਤਾ ਕਿ ਸਿਲਾਓ ਵਿੱਚ ਜੋ ਹੋਇਆ ਉਸ ਤੋਂ ਅਸੀਂ ਬਹੁਤ ਦੁਖੀ ਹਾਂ। ਗੁਆਨਾਜੁਆਟੋ ਦੀ ਸਰਕਾਰ ਹੋਣ ਦੇ ਨਾਤੇ, ਅਸੀਂ ਮਿਲ ਕੇ ਕੰਮ ਕਰਾਂਗੇ ਅਤੇ ਲੋਕਾਂ ਦੀ ਜਾਨ ਲੈਣ ਵਾਲੇ ਕਾਇਰਾਂ ਨੂੰ ਕੋਈ ਮੌਕਾ ਨਹੀਂ ਦੇਵਾਂਗੇ। ਪੀੜਤਾਂ ਨੂੰ ਇਨਸਾਫ਼ ਮਿਲੇਗਾ।” ਮੰਨਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਇੱਕ ਘਰ ਵਿੱਚ ਮੌਜੂਦ ਚਾਰ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਇਸ ਦੌਰਾਨ ਉੱਥੇ ਮੌਜੂਦ ਇੱਕ ਔਰਤ ਦੀ ਵੀ ਮੌਤ ਹੋ ਗਈ ਸੀ। ਸਥਾਨਕ ਮੀਡੀਆ ਮੁਤਾਬਿਕ ਸਿਲਾਓ ਕਸਬੇ ਦੇ ਇੱਕ ਦੂਰ-ਦੁਰਾਡੇ ਇਲਾਕੇ ‘ਚ ਬਣੇ ਘਰ ਦੀ ਵਰਤੋਂ ਨਸ਼ੇੜੀ ਕਰਦੇ ਸਨ।
ਮੈਕਸੀਕੋ ਵਿੱਚ ਕਈ ਗਰੋਹ ਹਨ ਜੋ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਚੋਰੀ ਕੀਤੇ ਈਂਧਨ ਦੇ ਬਾਜ਼ਾਰਾਂ ਉੱਤੇ ਕੰਟਰੋਲ ਕਰਨ ਲਈ ਲੜ ਰਹੇ ਹਨ। ਇਸੇ ਤਰ੍ਹਾਂ ਦੇ ਦੋ ਹਮਲਿਆਂ ਵਿੱਚ ਨਵੰਬਰ ਦੇ ਅੱਧ ਵਿੱਚ ਸਿਲਾਓ ਵਿਚ 11 ਲੋਕ ਮਾਰੇ ਗਏ ਸਨ। ਅਧਿਕਾਰਤ ਅੰਕੜਿਆਂ ਅਨੁਸਾਰ, ਮੈਕਸੀਕੋ ਵਿੱਚ 2006 ਤੋਂ ਲੈ ਕੇ ਹੁਣ ਤੱਕ 300,000 ਤੋਂ ਵੱਧ ਕਤਲਾਂ ਦੀ ਰਿਪੋਰਟ ਕੀਤੀ ਗਈ ਹੈ, ਜਦੋਂ ਤੋਂ ਸਰਕਾਰ ਨੇ ਇੱਕ ਵਿਵਾਦਪੂਰਨ ਨਸ਼ਾ ਵਿਰੋਧੀ ਫੌਜੀ ਮੁਹਿੰਮ ਸ਼ੁਰੂ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: