India China LAC clash: ਪੂਰਬੀ ਲੱਦਾਖ ਵਿੱਚ ਪੈਨਗੋਂਗ ਸੋ ਝੀਲ ਦੇ ਦੱਖਣੀ ਕੰਢੇ ‘ਤੇ ਭਾਰਤੀ ਫੌਜ ਦੀ ਮੁਸਤੈਦੀ ਦੇ ਚਲਦਿਆਂ ਮੂੰਹ ਦੀ ਖਾਣ ਦੇ ਬਾਵਜੂਦ ਵੀ ਚੀਨੀ ਫੌਜ ਹਮਲਾਵਰ ਹੈ। ਇੱਕ ਰਿਪੋਰਟ ਅਨੁਸਾਰ ਸੈਟੇਲਾਈਟ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਚੀਨ ਗਤਿਰੋਧ ਵਾਲੇ ਪੁਆਇੰਟ ‘ਤੇ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ।
ਰਿਪੋਰਟ ਅਨੁਸਾਰ ਚੀਨ ਨੇ ਇਸ ਖੇਤਰ ਦੀਆਂ ਕਈ ਥਾਵਾਂ ‘ਤੇ ਵਧੇਰੇ ਫੌਜ ਅਤੇ ਕਈ ਟੈਂਕ ਵੀ ਭੇਜੇ ਹਨ। ਸੈਟੇਲਾਈਟ ਦੀਆਂ ਤਸਵੀਰਾਂ ਤੋਂ ਪਤਾ ਚੱਲਿਆ ਹੈ ਕਿ ਚੀਨ ਨੇ ਇਨ੍ਹਾਂ ਖੇਤਰਾਂ ਵਿੱਚ ਨਵੇਂ ਫੌਜੀ ਠਿਕਾਣਿਆਂ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ। ਰਿਪੋਰਟ ਅਨੁਸਾਰ ਚੀਨ ਦੀ ਇਸ ਕਾਰਵਾਈ ਤੋਂ ਇਹ ਸਪੱਸ਼ਟ ਹੈ ਕਿ ਭਾਰਤ ਅਤੇ ਚੀਨ ਦੇ ਰੱਖਿਆ ਮੰਤਰੀਆਂ ਵਿਚਾਲੇ ਮਾਸਕੋ ਵਿੱਚ ਹੋਈ ਗੱਲਬਾਤ ਤੋਂ ਬਾਅਦ ਵੀ ਤਣਾਅ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।
ਇਕ ਦਾਅਵੇ ਅਨੁਸਾਰ ਦੋਨੋ ਹੀ ਪਾਸਿਆਂ ਦੇ ਤਕਰੀਬਨ ਇੱਕ ਲੱਖ ਫੌਜੀ ਪੂਰਬੀ ਲੱਦਾਖ ਵਿੱਚ ਤਾਇਨਾਤ ਹਨ। ਚੀਨ ਗੱਲਬਾਤ ਦੇ ਟੇਬਲ ‘ਤੇ ਤਣਾਅ ਨੂੰ ਘਟਾਉਣ ਦੀ ਗੱਲ ਕਰ ਰਿਹਾ ਹੈ, ਪਰ ਜ਼ਮੀਨੀ ਤੌਰ ‘ਤੇ ਉਹ ਆਪਣੀ ਫੌਜੀ ਤਿਆਰੀ ਨੂੰ ਹੋਰ ਮਜਬੂਤ ਕਰਨ ਵਿੱਚ ਜੁਟਿਆ ਹੋਇਆ ਹੈ। ਚੀਨ ਦੀ ਇਸ ਤਾਜ਼ਾ ਕਾਰਵਾਈ ਦਾ ਜਵਾਬ ਦੇਣ ਲਈ ਭਾਰਤੀ ਫੌਜ ਨੇ ਵੀ ਆਪਣੀ ਤਾਇਨਾਤੀ ਵਧਾ ਦਿੱਤੀ ਹੈ।
ਦੱਸ ਦਈਏ ਕਿ ਮਾਸਕੋ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨੀ ਸੁੱਰਖਿਆ ਮੰਤਰੀ ਜਨਰਲ ਵੇਈ ਫੇਂਗੇ ਨੂੰ ਆਪਣਾ ਸਖਤ ਜਵਾਬ ਸਖਤ ਤਰੀਕੇ ਨਾਲ ਦਿੱਤਾ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਸਪੱਸ਼ਟ ਸ਼ਬਦਾਂ ਵਿੱਚ ਕਿਹਾ ਸੀ ਕਿ ਪੂਰਬੀ ਲੱਦਾਖ ਵਿੱਚ ਤਣਾਅ ਦਾ ਇਕੋ-ਇਕ ਕਾਰਨ ਚੀਨੀ ਫੌਜ ਦਾ ਹਮਲਾਵਰ ਰਵੱਈਆ ਹੈ ਅਤੇ ਜੇ ਇਹ ਜਾਰੀ ਰਿਹਾ ਤਾਂ ਭਾਰਤ ਆਪਣੀ ਪ੍ਰਭੂਸੱਤਾ ਦੀ ਰੱਖਿਆ ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹੈ।