india china ladakh border issue: ਭਾਰਤ ਅਤੇ ਚੀਨ ਵਿਚਾਲੇ ਸਰਹੱਦ ‘ਤੇ ਹੋਏ ਵਿਵਾਦ ਨੂੰ ਸੁਲਝਾਉਣ ਲਈ ਨਿਰੰਤਰ ਗੱਲਬਾਤ ਜਾਰੀ ਹੈ। ਸੋਮਵਾਰ ਨੂੰ ਵੀ ਬ੍ਰਿਗੇਡੀਅਰ ਕਮਾਂਡਰ, ਕਮਾਂਡਰ ਅਫਸਰ ਪੱਧਰ ਦੇ ਵਿਚਕਾਰ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਦੋਵਾਂ ਦੇਸ਼ਾਂ ਦੇ ਅਧਿਕਾਰੀ ਮਈ ਤੋਂ ਚੱਲ ਰਹੇ ਇਸ ਵਿਵਾਦ ਦੇ ਹੱਲ ਲਈ ਲੱਗਭਗ ਰੋਜ਼ਾਨਾ ਗੱਲਬਾਤ ਕਰ ਰਹੇ ਹਨ। ਸੋਮਵਾਰ ਨੂੰ, ਪੀਪੀ 14 ਖੇਤਰ ਦੇ ਨੇੜੇ ਗੱਲਬਾਤ ਹੋ ਰਹੀ ਹੈ। ਜਿਸ ਵਿੱਚ ਗਾਲਵਾਨ ਖੇਤਰ ‘ਚ ਸੈਨਿਕ ਵਾਪਿਸ ਭੇਜਣ ਅਤੇ ਅਪ੍ਰੈਲ ਤੋਂ ਪਹਿਲਾਂ ਦੀ ਤਰ੍ਹਾਂ ਸਾਧਾਰਣਤਾ ਬਣਾਈ ਰੱਖਣ ਲਈ ਵਿਚਾਰ ਵਟਾਂਦਰੇ ਚੱਲ ਰਹੇ ਹਨ। ਹੁਣ ਤੱਕ ਦੋਵਾਂ ਦੇਸ਼ਾਂ ਵਿਚਾਲੇ ਪੰਜ ਦੌਰ ਦੀ ਗੱਲਬਾਤ ਹੋ ਚੁੱਕੀ ਹੈ, ਜਿਸ ਵਿੱਚ ਮੇਜਰ ਜਨਰਲ ਪੱਧਰ, ਕੋਰ ਕਮਾਂਡਰ ਪੱਧਰ, ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਕੀਤੀ ਗਈ ਹੈ। ਹਾਲਾਂਕਿ, ਅਜੇ ਤੱਕ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਆਏ ਹਨ।
ਹਾਲ ਹੀ ਵਿੱਚ ਖ਼ਬਰਾਂ ਆਈਆਂ ਸਨ ਕਿ ਦੋਵਾਂ ਦੇਸ਼ਾਂ ਦੀਆਂ ਫੌਜਾਂ ਨੇ ਮਾਮਲੇ ਨੂੰ ਸ਼ਾਂਤ ਕਰਨ ਲਈ ਕੁੱਝ ਕਿਲੋਮੀਟਰ ਤੱਕ ਆਪਣੀਆਂ ਫੌਜਾਂ ਵਾਪਿਸ ਹਟਾ ਲਈਆਂ ਹਨ। ਹਾਲਾਂਕਿ, ਭਾਰਤ ਚੀਨੀ ਫੌਜ ਨੂੰ ਪੂਰੀ ਤਰ੍ਹਾਂ ਹਟਾਉਣਾ ਅਤੇ ਅਪਰੈਲ ਤੋਂ ਪਹਿਲਾਂ ਵਾਲੀ ਸਥਿਤੀ ਨੂੰ ਵਾਪਿਸ ਲਿਆਉਣਾ ਚਾਹੁੰਦਾ ਹੈ। ਦੋਵਾਂ ਦੇਸ਼ਾਂ ਦੀਆਂ ਫੌਜਾਂ ਮਈ ਦੇ ਸ਼ੁਰੂ ਵਿੱਚ ਪੇਂਗੋਂਗ ਝੀਲ ਨੇੜੇ ਆਹਮੋ-ਸਾਹਮਣੇ ਹੋਈਆਂ ਸਨ। ਤੱਦ ਦੋਵਾਂ ਦੇਸ਼ਾ ਦੇ ਸੈਨਿਕਾਂ ਵਿਚਾਲੇ ਝੜਪ ਵੀ ਹੋ ਗਈ ਸੀ। ਉਸ ਤੋਂ ਬਾਅਦ, ਚੀਨ ਨੇ ਉਸ ਪਾਸੇ ਤੋਂ ਆਪਣੀਆਂ ਫੌਜਾਂ ਦੀ ਗਿਣਤੀ ਵਧਾ ਦਿੱਤੀ, ਅਤੇ ਕੁੱਝ ਨਿਰਮਾਣ ਵੀ ਕੀਤਾ। ਜਿਸਦਾ ਭਾਰਤ ਨੇ ਵਿਰੋਧ ਕੀਤਾ ਅਤੇ ਭਾਰਤ ਨੇ ਵੀ ਸੈਨਿਕਾਂ ਦੀ ਗਿਣਤੀ ਵਧਾ ਦਿੱਤੀ। ਹਾਲਾਂਕਿ, ਭਾਰਤ ਵਲੋਂ ਗੱਲਬਾਤ ਦਾ ਰਾਹ ਪੂਰੀ ਤਰ੍ਹਾਂ ਖੁੱਲਾ ਰੱਖਿਆ ਗਿਆ ਸੀ।
ਰੱਖਿਆ ਮੰਤਰੀ ਰਾਜਨਾਥ ਸਿੰਘ ਪਿੱਛਲੇ ਦਿਨੀਂ ਕਈ ਵਾਰ ਬਿਆਨ ਦੇ ਚੁੱਕੇ ਹਨ ਕਿ ਚੀਨ ਨਾਲ ਹਰ ਪੱਧਰ ‘ਤੇ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਸਰਕਾਰ ਦੇਸ਼ ਦਾ ਸਿਰ ਝੁਕਣ ਨਹੀਂ ਦੇਵੇਗੀ। ਦੂਜੇ ਪਾਸੇ, ਕਾਂਗਰਸ ਨੇਤਾ ਰਾਹੁਲ ਗਾਂਧੀ ਇਸ ਮੁੱਦੇ ‘ਤੇ ਸਰਕਾਰ ‘ਤੇ ਲਗਾਤਾਰ ਹਮਲਾ ਬੋਲ ਰਹੇ ਹਨ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਹੈ ਕਿ ਚੀਨੀ ਸਾਡੇ ਲੱਦਾਖ ਵਿੱਚ ਦਾਖਲ ਹੋਏ ਹਨ ਅਤੇ ਸਰਕਾਰ ਚੁੱਪ ਬੈਠੀ ਹੈ।