India-China Stand Off: ਭਾਰਤ-ਚੀਨ ਸਰਹੱਦ ਵਿਵਾਦ ਫਿਲਹਾਲ ਖ਼ਤਮ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ। ਰੂਸ ਵਿੱਚ ਭਾਰਤ ਅਤੇ ਚੀਨ ਦੇ ਰੱਖਿਆ ਮੰਤਰੀਆਂ ਵਿਚਕਾਰ ਢਾਈ ਘੰਟੇ ਦੀ ਬੈਠਕ ਦੇ ਬਾਵਜੂਦ ਚੀਨ ਨੇ ਸਰਹੱਦੀ ਵਿਵਾਦ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਚੀਨ ਨੇ ਧਮਕੀ ਭਰੀ ਭਾਸ਼ਾ ਵਿੱਚ ਕਿਹਾ ਹੈ ਕਿ ਚੀਨੀ ਫੌਜ ਆਪਣੀ ਧਰਤੀ ਦੀ ਰੱਖਿਆ ਲਈ ਪੂਰੀ ਤਰ੍ਹਾਂ ਸਮਰੱਥ ਅਤੇ ਵਚਨਬੱਧ ਹੈ। ਚੀਨੀ ਰੱਖਿਆ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, “ਭਾਰਤ ਅਤੇ ਚੀਨ ਦੀ ਸਰਹੱਦ ‘ਤੇ ਤਣਾਅ ਦਾ ਕਾਰਨ ਬਹੁਤ ਸਪੱਸ਼ਟ ਹੈ, ਭਾਰਤ ਇਸ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਚੀਨ ਦੀ ਜ਼ਮੀਨ ‘ਤੇ ਕਬਜ਼ਾ ਨਹੀਂ ਕੀਤਾ ਜਾ ਸਕਦਾ, ਚੀਨ ਦੀ ਸੈਨਾ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦੀ ਰੱਖਿਆ ਕਰਨ ਦੇ ਸਮਰੱਥ ਹੈ।”
ਇਸ ਤੋਂ ਬਾਅਦ, ਭਾਰਤੀ ਫੌਜ ਵੱਲੋਂ ਦਿੱਤੇ ਬਿਆਨ ਵਿੱਚ ਕਿਹਾ ਗਿਆ, “ਭਾਰਤੀ ਫੌਜ ਨਾਇਕਾਂ ਦੀ ਫੌਜ ਹੈ, ਹਰ ਚੁਣੌਤੀ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ। ਸਾਡੇ ਲਈ ਰਾਸ਼ਟਰ ਸਰਬੋਤਮ ਹੈ। ਭਾਰਤੀ ਫੌਜ ਹਰ ਚੁਣੌਤੀ ਲਈ ਕਾਬਲ, ਸਮਰੱਥ ਅਤੇ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਹੈ।” ਪੂਰਬੀ ਲੱਦਾਖ ਖੇਤਰ ਵਿੱਚ ਚਾਰ ਮਹੀਨਿਆਂ ਤੋਂ ਭਾਰਤ ਅਤੇ ਚੀਨ ਦੇ ਸੈਨਿਕਾਂ ਵਿੱਚ ਕਈ ਥਾਵਾਂ ‘ਤੇ ਵਿਵਾਦ ਦੀ ਸਥਿਤੀ ਹੈ। ਪੰਜ ਦਿਨ ਪਹਿਲਾਂ, ਚੀਨ ਨੇ ਪੈਨਗੋਂਗ ਝੀਲ ਦੇ ਦੱਖਣੀ ਤੱਟਵਰਤੀ ਖੇਤਰ ਵਿੱਚ ਭਾਰਤੀ ਖੇਤਰ ਉੱਤੇ ਕਬਜ਼ਾ ਕਰਨ ਦੀ ਅਸਫਲ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਤਣਾਅ ਫਿਰ ਵੱਧ ਗਿਆ ਹੈ।