India drives home message: ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੀਤੀ ਗਈ ਟਿੱਪਣੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਵਿਗੜਦੇ ਨਜ਼ਰ ਆ ਰਹੇ ਹਨ । ਪੂਰੇ ਮਾਮਲੇ ਤੋਂ ਜਾਣੂ ਲੋਕਾਂ ਨੇ ਦੱਸਿਆ ਹੈ ਕਿ ਭਾਰਤ ਨੇ ਦੋਹਾਂ ਦੇਸ਼ਾਂ ਦਰਮਿਆਨ ਚੋਟੀ ਦੇ ਕੂਟਨੀਤਕ ਪੱਧਰ ਦੀ ਗੱਲਬਾਤ ਨੂੰ ਰੋਕ ਦਿੱਤਾ ਹੈ।
ਭਾਰਤੀ ਵਿਦੇਸ਼ ਸਕੱਤਰ (ਪੂਰਬੀ) ਰੀਵਾ ਗਾਂਗੁਲੀ ਦਾਸ ਅਤੇ ਕੈਨੇਡੀਅਨ ਹਮਰੁਤਬਾ ਵਿਚਾਲੇ ਮੰਗਲਵਾਰ ਨੂੰ ਗੱਲਬਾਤ ਹੋਣ ਦੀ ਉਮੀਦ ਸੀ, ਜਿਸ ਨੂੰ ਭਾਰਤ ਨੇ ਮੁਲਤਵੀ ਕਰ ਦਿੱਤਾ। ਇਸ ਦੇ ਪਿੱਛੇ ਨਵੀਂ ਦਿੱਲੀ ਨੇ ਓਟਾਵਾ ਨੂੰ ਤਰੀਕ ਨੂੰ ਲੈ ਕੇ ਅਸੁਵਿਧਾ ਹੋਣ ਬਾਰੇ ਗੱਲ ਕੀਤੀ ਹੈ । ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਪਿਛਲੇ ਹਫ਼ਤੇ ਕੈਨੇਡੀਅਨ ਵਿਦੇਸ਼ ਮੰਤਰੀ ਫ੍ਰਾਂਕੋਇਸ-ਫਿਲਿਪ ਵੱਲੋਂ ਆਯੋਜਿਤ ਕੋਵਿਡ-19 ਦੇ ਮੰਤਰੀ-ਕੋਆਰਡੀਨੇਟਿਡ ਸਮੂਹ ਦੀ ਬੈਠਕ ਛੱਡ ਦਿੱਤੀ ਸੀ। ਇਹ ਬੈਠਕ ਕੋਰੋਨਾ ਵਾਇਰਸ ਦੀ ਰਣਨੀਤੀ ਨੂੰ ਲੈ ਕੇ ਕੀਤੀ ਗਈ ਸੀ। ਭਾਰਤ, ਜਿਸ ਨੇ ਇਸ ਸਮੂਹ ਦੀ ਪਿਛਲੀ ਬੈਠਕ ਵਿੱਚ ਹਿੱਸਾ ਲਿਆ ਸੀ, ਨੇ 7 ਦਸੰਬਰ ਦੀ ਬੈਠਕ ਤੋਂ ਦੂਰ ਰਹਿਣ ਲਈ ‘ਸ਼ਡਿਊਲਿੰਗ’ ਮੁੱਦੇ ਦਾ ਹਵਾਲਾ ਦਿੱਤਾ ਸੀ ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਟਰੂਡੋ ਨੇ ਗੁਰੂ ਨਾਨਕ ਦੇਵ ਜੀ ਦੀ 551ਵੀਂ ਜਯੰਤੀ ਮੌਕੇ ‘ਤੇ ਆਯੋਜਿਤ ਇੱਕ ਵੀਡੀਓ ਗੱਲਬਾਤ ਦੌਰਾਨ ਭਾਰਤ ਵਿੱਚ ਹੋ ਰਹੇ ਕਿਸਾਨ ਅੰਦੋਲਨ ਦਾ ਜ਼ਿਕਰ ਕੀਤਾ ਸੀ । ਉਨ੍ਹਾਂ ਨੇ ਪ੍ਰਦਰਸ਼ਨ ਲਈ ‘ਚਿੰਤਾ’ ਜ਼ਾਹਿਰ ਕਰਦਿਆਂ ਕਿਹਾ ਸੀ ਕਿ ‘ਕਨੈਡਾ ਹਮੇਸ਼ਾਂ ਸ਼ਾਂਤਮਈ ਪ੍ਰਦਰਸ਼ਨ ਦੇ ਅਧਿਕਾਰ ਦੇ ਹੱਕ ਵਿੱਚ ਖੜ੍ਹਾ ਰਹੇਗਾ।’ ਕੈਨੇਡਾ ਵਿੱਚ ਲਗਭਗ 16 ਲੱਖ ਲੋਕ ਭਾਰਤੀ ਭਾਈਚਾਰੇ ਨਾਲ ਸਬੰਧਤ ਹਨ । ਇਨ੍ਹਾਂ ਵਿਚੋਂ ਵੱਡੀ ਗਿਣਤੀ ਵਿੱਚ ਪੰਜਾਬ ਦੇ ਰਹਿਣ ਵਾਲੇ ਲੋਕ ਹਨ । ਕੈਨਡਾ ਵਿੱਚ ਲਗਭਗ ਸੱਤ ਲੱਖ ਸਿੱਖ ਆਬਾਦੀ ਰਹਿੰਦੀ ਹੈ । ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਲ 2021 ਦੀਆਂ ਚੋਣਾਂ ਲਈ ਕਿਸਾਨ ਅੰਦੋਲਨ ਬਾਰੇ ਇੱਕ ਬਿਆਨ ਦਿੱਤਾ ਸੀ।
ਦੱਸ ਦੇਈਏ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਦੀ ਟਿੱਪਣੀ ਤੋਂ ਬਾਅਦ ਨਵੀਂ ਦਿੱਲੀ ਨੇ ਕੈਨੇਡਾ ਦੇ ਰਾਜਦੂਤ ਨੂੰ ਤਲਬ ਕੀਤਾ ਸੀ । ਭਾਰਤ ਨੇ ਕਿਹਾ ਸੀ ਕਿ ਕੈਨੇਡੀਅਨ ਪ੍ਰਧਾਨ ਮੰਤਰੀ ਅਤੇ ਕੁਝ ਕੈਬਨਿਟ ਮੰਤਰੀਆਂ ਨੇ ਭਾਰਤੀ ਕਿਸਾਨਾਂ ਬਾਰੇ ਦਿੱਤੇ ਬਿਆਨ ਅਸਵੀਕਾਰ ਹਨ । ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਹੈ । ਹਾਲਾਂਕਿ, ਭਾਰਤੀ ਅਧਿਕਾਰੀਆਂ ਨੇ ਇਹ ਵੀ ਕਿਹਾ ਹੈ ਕਿ ਰਾਜਨੀਤਿਕ ਸਬੰਧਾਂ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਆਰਥਿਕ ਸਬੰਧ ਪ੍ਰਭਾਵਿਤ ਨਹੀਂ ਹੋਣਗੇ।