indian sikh restaurants vandalize: ਵਾਸ਼ਿੰਗਟਨ : ਨਿਊ ਮੈਕਸੀਕੋ ਸ਼ਹਿਰ ਦੇ ਸੈਂਟਾ ਫੇ ਸਿਟੀ ਵਿਖੇ ਭਾਰਤੀ ਖਿਲਾਫ ਨਫ਼ਰਤ ਅਪਰਾਧ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਕੁੱਝ ਲੋਕਾਂ ਨੇ ਇੰਡੀਆ ਪੈਲੇਸ ਰੈਸਟੋਰੈਂਟ ਵਿੱਚ ਦਾਖਲ ਹੋ ਕੇ ਤੋੜ-ਭੰਨ ਕੀਤੀ ਹੈ। ਰੈਸਟੋਰੈਂਟ ਦੇ ਅੰਦਰ ਲੱਗੀ ਧਾਰਮਿਕ ਮੂਰਤੀ ਵੀ ਤੋੜ ਦਿੱਤੀ ਗਈ। ਇਸ ਤੋਂ ਬਾਅਦ ਵਿੱਚ ਉਨ੍ਹਾਂ ਨੇ ਕੰਧ ‘ਤੇ ਨਫ਼ਰਤ ਭਰੇ ਨਾਅਰੇ ਵੀ ਲਿਖ ਦਿੱਤੇ। ਰੈਸਟੋਰੈਂਟ ਦੇ ਮਾਲਕ ਬਲਜੀਤ ਸਿੰਘ ਦੇ ਅਨੁਸਾਰ ਰਸੋਈ ਅਤੇ ਸਰਵਿੰਗ ਕਰਨ ਵਾਲੇ ਖੇਤਰ ਦਾ ਕਾਫ਼ੀ ਨੁਕਸਾਨ ਹੋਇਆ ਹੈ। ਬਲਜੀਤ ਅਨੁਸਾਰ ਉਸ ਨੂੰ 1 ਲੱਖ ਡਾਲਰ (ਲੱਗਭਗ 75 ਲੱਖ ਰੁਪਏ) ਦਾ ਘਾਟਾ ਸਹਿਣਾ ਪਿਆ। ਸਥਾਨਕ ਪੁਲਿਸ ਅਤੇ ਫੈਡਰਲ ਇਨਵੈਸਟੀਗੇਸ਼ਨ ਬਿਊਰੋ (ਐਫਬੀਆਈ) ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਅਮਰੀਕਾ ਵਿੱਚ ਸਿੱਖ ਸੰਗਠਨ, ਸਿੱਖ ਅਮੈਰੀਕਨ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਸਲਦੇਫ) ਨੇ ਵੀ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਸਲਦੇਫ ਦੀ ਕਾਰਜਕਾਰੀ ਨਿਰਦੇਸ਼ਕ ਕਿਰਨ ਕੌਰ ਗਿੱਲ ਨੇ ਕਿਹਾ, ਅਜਿਹੀ ਨਫ਼ਰਤ ਅਤੇ ਹਿੰਸਾ ਚੰਗੀ ਨਹੀਂ ਹੈ। ਸਾਰੇ ਅਮਰੀਕੀਆਂ ਦੀ ਸੁਰੱਖਿਆ ਨਿਰਧਾਰਤ ਕਰਨ ਲਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸੈਂਟਾ ਫੇ ਵਿੱਚ ਰਹਿੰਦੇ ਸਿੱਖ ਲੋਕਾਂ ਦੇ ਅਨੁਸਾਰ, ਇਹ ਇੱਕ ਸ਼ਾਂਤ ਖੇਤਰ ਹੈ। ਸਿੱਖ ਭਾਈਚਾਰੇ ਦੇ ਲੋਕ 1960 ਤੋਂ ਇੱਥੇ ਰਹਿ ਰਹੇ ਹਨ। ਪਹਿਲਾਂ ਕਦੇ ਵੀ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ। ਪਿੱਛਲੇ ਦਿਨੀਂ ਸੈਂਟਾ ਫੇ ਵਿੱਚ ਅਛੇਤ ਸਮਰਥਕਾਂ ਦੁਆਰਾ ਸਪੇਨ ਦੇ ਸ਼ਾਸਕਾਂ ਦੇ ਬੁੱਤ ਵੀ ਹਟਾਏ ਗਏ ਸਨ। ਉਸ ਸਮੇਂ ਤੋਂ ਨਫ਼ਰਤ ਦੇ ਜੁਰਮ ਵਿੱਚ ਵਾਧਾ ਹੋਇਆ ਹੈ। 29 ਅਪ੍ਰੈਲ ਨੂੰ, ਕੋਲੋਰਾਡੋ ਦੇ ਲੇਕਵੁੱਡ ਵਿੱਚ ਅਮਰੀਕੀ ਸਿੱਖ ਲਖਵੰਤ ਸਿੰਘ ‘ਤੇ ਇੱਕ ਵਿਅਕਤੀ ਨੇ ਹਮਲਾ ਕੀਤਾ ਸੀ। ਉਸ ਨੇ ਲਖਵੰਤ ਨੂੰ ਆਪਣੇ ਦੇਸ਼ ਵਾਪਿਸ ਜਾਣ ਲਈ ਕਿਹਾ ਸੀ। ਮੁਲਜ਼ਮ ਦਾ ਨਾਮ ਏਰਿਕ ਬ੍ਰੇਮੈਨ ਦੱਸਿਆ ਗਿਆ ਹੈ। ਉਸ ਖਿਲਾਫ ਅਜੇ ਤੱਕ ਨਫ਼ਰਤ ਅਪਰਾਧ ਦਾ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ।