International media on corna crisis in india : ਭਾਰਤ ਵਿੱਚ ਹਾਲੇ ਕੋਰੋਨਾ ਦੀ ਸਥਿਤੀ ਵਿੱਚ ਸੁਧਾਰ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿੱਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 4,01,993 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 3523 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ, ਕੋਰੋਨਾ ਕਾਰਨ ਦੇਸ਼ ਵਿੱਚ ਆਪਣੀ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ 2,11,853 ਲੱਖ ਹੋ ਗਈ ਹੈ। ਇਸ ਸਮੇਂ ਦੇਸ਼ ਵਿੱਚ 32,68,710 ਕਿਰਿਆਸ਼ੀਲ ਕੇਸ ਹਨ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਭਾਰਤ ਦੀ ਸਿਹਤ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ। ਹਸਪਤਾਲਾਂ ਅਤੇ ਸ਼ਮਸ਼ਾਨਘਾਟਾਂ ਵਿੱਚ ਕੋਈ ਜਗ੍ਹਾ ਨਹੀਂ ਬਚੀ ਹੈ। ਪਾਰਕਿੰਗ ਖੇਤਰ ਵਿੱਚ ਵੀ ਅੰਤਿਮ ਸੰਸਕਾਰ ਕੀਤੇ ਜਾ ਰਹੇ ਹਨ। ਸਮੂਹਕ ਸੰਸਕਾਰ ਦੀਆਂ ਤਸਵੀਰਾਂ ਅੰਤਰਰਾਸ਼ਟਰੀ ਮੀਡੀਆ ਵਿੱਚ ਛਪ ਰਹੀਆਂ ਹਨ। ਅੰਤਰਰਾਸ਼ਟਰੀ ਮੀਡੀਆ ਵਿੱਚ ਕੋਰੋਨਾ ਸੰਕਟ ਦੀ ਵਿਗੜਦੀ ਸਥਿਤੀ ਦੌਰਾਨ ਸਰਕਾਰ ਦੀ ਭੂਮਿਕਾ ਬਾਰੇ ਸਵਾਲ ਖੜੇ ਕੀਤੇ ਜਾ ਰਹੇ ਹਨ।
ਅੰਤਰਰਾਸ਼ਟਰੀ ਮੀਡੀਆ ਦੀਆਂ ਰਿਪੋਰਟਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ‘ਤੇ ਭਾਰਤ ਵਿੱਚ ਮੌਜੂਦਾ ਕੋਰੋਨਾ ਸੰਕਟ ਬਾਰੇ ਸਵਾਲ ਖੜੇ ਕੀਤੇ ਜਾ ਰਹੇ ਹਨ। ਅੰਤਰਰਾਸ਼ਟਰੀ ਮੀਡੀਆ ਵਿੱਚ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਇਨ੍ਹਾਂ ਰਿਪੋਰਟਾਂ ‘ਚ ਕਿਹਾ ਗਿਆ ਹੈ ਕਿ ਸੰਭਾਵਤ ਕੋਰੋਨਾ ਸੰਕਟ ਦੇ ਮੱਦੇਨਜ਼ਰ ਚੋਣ ਰੈਲੀਆਂ ਕਰਨਾ ਅਤੇ ਕੁੰਭ ਮੇਲਾ ਕਰਵਾਉਣਾ ਗਲਤ ਫੈਸਲਾ ਸੀ। ਤਾਜ਼ਾ ਰਿਪੋਰਟ ਅਮਰੀਕਾ ਦੇ ਟਾਈਮ ਰਸਾਲੇ ਵਿੱਚ ਪ੍ਰਕਾਸ਼ਤ ਕੀਤੀ ਗਈ ਸੀ, ਜਿਸ ਦਾ ਸਿਰਲੇਖ ਸੀ “ਕਿਵੇਂ ਮੋਦੀ ਫੇਲ੍ਹ ਹੋਇਆ” (How Modi Failed Us) ਜਿਸ ਨੂੰ ਭਾਰਤੀ ਪੱਤਰਕਾਰ ਰਾਣਾ ਅਯੂਬ ਨੇ ਲਿਖਿਆ ਹੈ। ਲੇਖ ਵਿੱਚ ਕਿਹਾ ਗਿਆ ਹੈ ਕਿ ਭਾਰਤ ਦੀ ਮਜ਼ਬੂਤ ਸਰਕਾਰ ਨੇ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕੀਤਾ ਹੈ।
ਟਾਈਮ ਮੈਗਜ਼ੀਨ ਦੀ ਰਿਪੋਰਟ ਨੇ ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਲਈ ਤਿਆਰੀ ਦੀ ਘਾਟ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨਮੰਤਰੀ ਨੇ ਕੁੰਭ ਵਿੱਚ ‘ਪ੍ਰਤੀਕਤਮਕ’ (ਸੰਕੇਤਕ) ਢੰਗ ਨਾਲ ਸ਼ਾਮਿਲ ਹੋਣ ਦੀ ਅਪੀਲ ਕਰਨ ਵਿੱਚ ਦੇਰੀ ਕੀਤੀ ਹੈ। ਇਲਾਜ ਦੀ ਘਾਟ ਕਾਰਨ ਹਜ਼ਾਰਾਂ ਲੋਕਾਂ ਦੀ ਮੌਤ ਹੋ ਗਈ ਪਰ ਦੇਸ਼ ਦੇ ਵੱਡੇ ਸਿਆਸਤਦਾਨ ਚੋਣ ਰੈਲੀਆਂ ਵਿੱਚ ਰੁੱਝੇ ਰਹੇ। ਟਾਈਮ ਮੈਗਜ਼ੀਨ ਦੀ ਤਰ੍ਹਾਂ, ਅਮਰੀਕੀ ਅਖਬਾਰ ਨਿਊ ਯਾਰਕ ਟਾਈਮਜ਼ ਅਤੇ ਬ੍ਰਿਟੇਨ ਦੇ ਅਖਬਾਰ ਦਿ ਗਾਰਡੀਅਨ ਨੇ ਵੀ ਇਹ ਰਿਪੋਰਟ ਪ੍ਰਕਾਸ਼ਤ ਕੀਤੀ ਹੈ।
ਨਿਊ ਯਾਰਕ ਟਾਈਮਜ਼ ਨੇ ਪਿੱਛਲੇ ਹਫਤੇ ਇਹ ਰਿਪੋਰਟ “As Covid-19 Devastates India, Deaths Go Undercounted” ਸਿਰਲੇਖ ਤੋਂ ਪ੍ਰਕਾਸ਼ਤ ਕੀਤੀ ਸੀ। ਰਿਪੋਰਟ ਵਿੱਚ ਲਿਖਿਆ ਗਿਆ ਸੀ ਕਿ ਜਦੋਂ ਕੋਰੋਨਾ ਕਾਰਨ ਭਾਰਤ ਵਿੱਚ ਤਬਾਹੀ ਮਚ ਰਹੀ ਸੀ, ਉਸ ਸਮੇਂ ਮੌਤਾਂ ਦੀ ਗਿਣਤੀ ਘੱਟ ਦੱਸੀ ਜਾ ਰਹੀ ਸੀ। ਅੰਕੜਿਆਂ ਵਿੱਚ ਹੇਰਾਫੇਰੀ ਕੀਤੀ ਜਾ ਰਹੀ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਸਕਾਰ ਘਾਟ ਦੇ ਅਧਿਕਾਰੀ ਸੰਕਰਮਿਤ ਵਿਅਕਤੀਆਂ ਦੀ ਮੌਤ ਦਾ ਕਾਰਨ ਕੋਰੋਨਾ ਦੀ ਬਜਾਏ ‘ਬਿਮਾਰੀ’ ਦੱਸ ਰਹੇ ਹਨ ਅਤੇ ਸਰਕਾਰ ਵੱਲੋਂ ਇਹ ਅੰਕੜੇ ਕਥਿਤ ਤੌਰ ‘ਤੇ ਘਟਾ ਕੇ ਪੇਸ਼ ਕੀਤੇ ਜਾ ਰਹੇ ਹਨ।
ਇਸੇ ਤਰ੍ਹਾਂ ਦਿ ਗਾਰਡੀਅਨ ਵਿੱਚ “India’s Covid Catastrophe” ਸਿਰਲੇਖ ਵਿੱਚ ਪ੍ਰਕਾਸ਼ਤ ਲੇਖ ਵਿੱਚ ਸਮਾਜ ਸੇਵੀ ਅਰੁੰਧਤੀ ਰਾਏ ਲਿਖਦੀ ਹੈ ਕਿ ਅਸੀਂ ਮਨੁੱਖਤਾ ਵਿਰੁੱਧ ਇੱਕ ਅਪਰਾਧ ਹੁੰਦਾ ਦੇਖ ਰਹੇ ਹਾਂ। ਇਸ ਲੇਖ ਵਿੱਚ, ਉਨ੍ਹਾਂ ਨੇ ਭਾਰਤ ਵਿੱਚ ਕੋਰੋਨਾ ਦੇ ਅੰਕੜਿਆਂ ਦੀ ਤੁਲਨਾ ਅਹਿਮਦਾਬਾਦ ਵਿੱਚ ਉਸ ਕੰਧ ਨਾਲ ਕੀਤੀ ਜੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੁਜਰਾਤ ਯਾਤਰਾ ਦੌਰਾਨ ਤਿਆਰ ਕੀਤੀ ਗਈ ਸੀ। ਇਸੇ ਅਖ਼ਬਾਰ ਵਿੱਚ ਪਿਛਲੇ ਹਫ਼ਤੇ ਪ੍ਰਕਾਸ਼ਤ ਸੰਪਾਦਕੀ ਵਿੱਚ,ਕੋਰੋਨਾ ਦੀ ਦੂਜੀ ਲਹਿਰ ਲਈ ਸਰਕਾਰ ਦੇ ਉੱਚ ਆਤਮਵਿਸ਼ਵਾਸ ਨੂੰ ਦੱਸਿਆ ਗਿਆ ਸੀ। ‘ਦਿ ਆਸਟ੍ਰੇਲੀਅਨ’ ਦੇ ਇੱਕ ਲੇਖ ਵਿੱਚ ਕਿਹਾ ਗਿਆ ਹੈ ਕਿ ਕਿਵੇਂ ਹੰਕਾਰੀ, ਅਤਿ-ਰਾਸ਼ਟਰਵਾਦ ਅਤੇ ਅਫ਼ਸਰਸ਼ਾਹੀ ਦੀ ਅਯੋਗਤਾ ਨੇ ਭਾਰਤ ਵਿੱਚ ਕੋਰੋਨਾ ਸੰਕਟ ਪੈਦਾ ਕੀਤਾ ਹੈ। ਇਸ ਸਭ ਦੇ ਵਿਚਕਾਰ, ਪ੍ਰਧਾਨ ਮੰਤਰੀ ਜੋ ਭੀੜ ਦੇ ਵਿਚਕਾਰ ਰਹਿਣਾ ਪਸੰਦ ਕਰਦੇ ਹਨ, ਆਪਣੇ ਆਪ ਵਿੱਚ ਮਸਤ ਰਹੇ ਅਤੇ ਨਾਗਰਿਕਾਂ ਦਾ ਦਮ ਘੁੱਟਦਾ ਰਿਹਾ। ਕੈਨਬਰਾ ਵਿਚਲੇ ਭਾਰਤੀ ਦੂਤਘਰ ਨੇ ਇਸ ਰਿਪੋਰਟ ਬਾਰੇ ਸਖਤ ਇਤਰਾਜ਼ ਵੀ ਜਾਹਿਰ ਕੀਤਾ ਸੀ।
‘ਦਿ ਆਸਟ੍ਰੇਲੀਅਨ’ ਦੇ ਲੇਖ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਦੀ ਹੰਕਾਰੀ, ਰਾਸ਼ਟਰਵਾਦੀ ਰਾਜਨੀਤੀ, ਟੀਕਾਕਰਨ ਮੁਹਿੰਮ ਦੀ ਗਤੀ ਹੌਲੀ ਰਹਿਣ ਅਤੇ ਕਟੇਨਮੈਂਟ ਦੀ ਬਜਾਏ ਅਰਥਵਿਵਸਥਾ ਨੂੰ ਤਰਜੀਹ ਕਾਰਨ ਕੋਰੋਨਾ ਦੀ ਦੂਜੀ ਲਹਿਰ ਭਾਰਤ ਵਿੱਚ ਤੇਜ਼ੀ ਨਾਲ ਫੈਲ ਗਈ। ‘ਦਿ ਆਸਟ੍ਰੇਲੀਅਨ’ ਨੇ ਵੀਰਵਾਰ ਨੂੰ ਆਪਣੇ ‘ਵਰਲਡ’ ਪੰਨੇ ‘ਤੇ ਭਾਰਤ ਵਿੱਚ ਕੋਰੋਨਾ ਸੰਕਟ ‘ਤੇ ਫਿਰ ਇੱਕ ਰਿਪੋਰਟ ਪ੍ਰਕਾਸ਼ਤ ਕੀਤੀ। ਰਿਪੋਰਟ ਵਿੱਚ ਦਿੱਲੀ ਦੇ ਹਸਪਤਾਲਾਂ ‘ਚ ਬੈੱਡਾਂ ਅਤੇ ਆਕਸੀਜਨ ਦੀ ਘਾਟ ਬਾਰੇ ਦੱਸਿਆ ਗਿਆ ਹੈ।
ਇਹ ਵੀ ਦੇਖੋ : ਆਰਮੀ ਜਵਾਨ ਨੇ ਰੋਕੀ ਕਿਸਾਨੀ ਝੰਡੇ ਵਾਲੀ ਕਾਰ, ਕਿਸਾਨ ਦਾ ਪੁੱਤ ਵੀ ਅੜ੍ਹ ਗਿਆ, ਫਿਰ ਕੀ ਹੋਇਆ