Iran denies dropping India: ਤਹਿਰਾਨ: ਈਰਾਨ ਨੇ ਚਾਬਹਾਰ ਰੇਲ ਪ੍ਰਾਜੈਕਟ ਤੋਂ ਭਾਰਤ ਨੂੰ ਬਾਹਰ ਕੱਢਣ ਜਾਂ ਫਿਰ ਚੀਨ ਨਾਲ ਸੌਦੇ ਤੋਂ ਬਾਅਦ ਭਾਰਤ ਤੋਂ ਕਿਨਾਰਾ ਕਰਨ ਨਾਲ ਜੁੜੀਆਂ ਸਾਰੀਆਂ ਖਬਰਾਂ ਨੂੰ ਅਫ਼ਵਾਹ ਤੇ ਸਾਜ਼ਿਸ਼ ਦੱਸਿਆ ਹੈ। ਈਰਾਨ ਨੇ ਸਪੱਸ਼ਟ ਕੀਤਾ ਹੈ ਕਿ ਭਾਰਤ ਨੇੜਲੇ ਸਹਿਯੋਗੀ ਦੇਸ਼ਾਂ ਵਿੱਚੋਂ ਇੱਕ ਹੈ ਅਤੇ ਹਮੇਸ਼ਾਂ ਚਾਬਹਾਰ ਪ੍ਰਾਜੈਕਟ ਦਾ ਹਿੱਸਾ ਰਹੇਗਾ । ਈਰਾਨ ਨੇ ਕਿਹਾ ਕਿ ਇੱਕ ਭਾਰਤੀ ਅਖਬਾਰ ਨੇ ਬਿਨ੍ਹਾਂ ਚਾਬਹਾਰ ਡੀਲ ਦੀਆਂ ਸ਼ਰਤਾਂ ਨੂੰ ਪੜ੍ਹੇ ਇੱਕ ਗਲਤ ਖ਼ਬਰ ਪ੍ਰਕਾਸ਼ਿਤ ਕੀਤੀ, ਜਿਸ ਕਾਰਨ ਪੂਰੀ ਤਰ੍ਹਾਂ ਮਤਭੇਦ ਪੈਦਾ ਹੋਇਆ ਹੈ। ਚਾਬਹਾਰ ਰੇਲਵੇ ਪ੍ਰਾਜੈਕਟ ਵਿੱਚ ਭਾਰਤ ਦੀ ਭੂਮਿਕਾ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ।
ਈਰਾਨ ਦੇ ਪੋਰਟ ਐਂਡ ਮੈਰੀਟਾਈਮ ਆਰਗੇਨਾਈਜ਼ੇਸ਼ਨ ਦੇ ਫਰਹਦ ਮੌਂਟਾਜ਼ੀਰ ਨੇ ਕਿਹਾ ਕਿ ਇਹ ਦਾਅਵਾ ਪੂਰੀ ਤਰ੍ਹਾਂ ਝੂਠਾ ਹੈ । ਉਨ੍ਹਾਂ ਕਿਹਾ ਈਰਾਨ ਨੇ ਚਾਬਹਾਰ ਵਿੱਚ ਨਿਵੇਸ਼ ਲਈ ਭਾਰਤ ਨਾਲ ਸਿਰਫ ਦੋ ਸਮਝੌਤੇ ਕੀਤੇ ਹਨ । ਇੱਕ ਬੰਦਰਗਾਹ ਦੀ ਮਸ਼ੀਨਰੀ ਅਤੇ ਉਪਕਰਣ ਲਈ ਹੈ ਅਤੇ ਦੂਜੀ ਭਾਰਤ ਦੇ 150 ਮਿਲੀਅਨ ਡਾਲਰ ਦੇ ਨਿਵੇਸ਼ ਬਾਰੇ ਹੈ । ਕੁਲ ਮਿਲਾ ਕੇ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਚਾਬਹਾਰ ਵਿੱਚ ਈਰਾਨ-ਭਾਰਤ ਦੇ ਸਹਿਯੋਗ ‘ਤੇ ਕੋਈ ਪਾਬੰਦੀਆਂ ਨਹੀਂ ਹਨ । ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਈਰਾਨ ਨੇ ਭਾਰਤ ਨੂੰ ਚਾਬਹਾਰ ਰੇਲ ਪ੍ਰਾਜੈਕਟ ਤੋਂ ਬਾਹਰ ਕਰ ਦਿੱਤਾ ਹੈ । ਇਸ ਵਿੱਚ ਮੰਨਿਆ ਜਾ ਰਿਹਾ ਸੀ ਕਿ ਈਰਾਨ ਅਤੇ ਚੀਨ ਵਿਚਾਲੇ ਹੋਣ ਜਾ ਰਹੀ 400 ਅਰਬ ਡਾਲਰ ਦੀ ਡੀਲ ਦਾ ਅਸਰ ਹੈ।
ਗੌਰਤਲਬ ਹੈ ਕਿ ਪਿਛਲੇ ਹਫਤੇ ਈਰਾਨ ਦੇ ਟਰਾਂਸਪੋਰਟ ਅਤੇ ਸ਼ਹਿਰੀ ਵਿਕਾਸ ਮੰਤਰੀ ਮੁਹੰਮਦ ਇਸਲਾਮੀ ਨੇ 628 ਕਿਲੋਮੀਟਰ ਲੰਬੇ ਰੇਲਵੇ ਟਰੈਕ ਦੇ ਨਿਰਮਾਣ ਦਾ ਉਦਘਾਟਨ ਕੀਤਾ ਸੀ। ਇਸ ਰੇਲਵੇ ਲਾਈਨ ਨੂੰ ਅਫਗਾਨਿਸਤਾਨ ਦੀ ਜਰਾਂਜ ਸਰਹੱਦ ਤੱਕ ਵਧਾਉਣਾ ਹੈ । ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਈਰਾਨ ਨੇ ਭਾਰਤ ਨੂੰ ਸੌਦੇ ਤੋਂ ਬਾਹਰ ਕੱਢਦਿਆਂ ਕਿਹਾ ਹੈ ਕਿ ਭਾਰਤ ਇਸਦਾ ਭੁਗਤਾਨ ਨਹੀਂ ਕਰ ਰਿਹਾ ਹੈ । ਹਾਲਾਂਕਿ ਈਰਾਨ ਨੇ ਇਸਦਾ ਖੰਡਨ ਕਰਦਿਆਂ ਕਿਹਾ ਹੈ ਕਿ ਭਾਰਤ ਨੂੰ ਚਾਬਹਾਰ ਰੇਲਵੇ ਪ੍ਰਾਜੈਕਟ ਤੋਂ ਬਾਹਰ ਕੱਢਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਹਾਲਾਂਕਿ ਇਸ ਸੌਦੇ ਵਿੱਚ ਭਾਰਤ ਦੀ ਭੂਮਿਕਾ ਉਹ ਨਹੀਂ ਹੈ ਜਿਸ ਦਾ ਇਸ ਰਿਪੋਰਟ ਵਿੱਚ ਜ਼ਿਕਰ ਕੀਤਾ ਗਿਆ ਸੀ ।