Iran Drops India: ਤਹਿਰਾਨ: ਈਰਾਨ ਅਤੇ ਚੀਨ ਵਿਚਾਲੇ 400 ਅਰਬ ਡਾਲਰ ਦੀ ਡੀਲ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਈਰਾਨ ਨੇ ਚੀਨ ਨਾਲ ਹੱਥ ਮਿਲਾਉਣ ਤੋਂ ਬਾਅਦ ਭਾਰਤ ਨੂੰ ਵੱਡਾ ਝਟਕਾ ਦਿੰਦਿਆਂ ਚਾਬਹਾਰ ਰੇਲ ਪ੍ਰਾਜੈਕਟ ਤੋਂ ਬਾਹਰ ਕਰ ਦਿੱਤਾ ਹੈ। ਈਰਾਨ ਨੇ ਦੋਸ਼ ਲਾਇਆ ਹੈ ਕਿ ਸਮਝੌਤੇ ਦੇ 4 ਸਾਲਾਂ ਬਾਅਦ ਵੀ ਭਾਰਤ ਇਸ ਪ੍ਰਾਜੈਕਟ ਲਈ ਫੰਡ ਨਹੀਂ ਦੇ ਰਿਹਾ ਹੈ। ਅਜਿਹੀ ਸਥਿਤੀ ਵਿੱਚ ਹੁਣ ਉਹ ਖ਼ੁਦ ਇਸ ਪ੍ਰਾਜੈਕਟ ਨੂੰ ਪੂਰਾ ਕਰਨਗੇ । ਚੀਨ ਨਾਲ ਸਮਝੌਤੇ ਤੋਂ ਬਾਅਦ ਈਰਾਨ ਦੇ ਬੁਨਿਆਦੀ ਢਾਂਚੇ ਨਾਲ ਜੁੜੇ ਪ੍ਰਾਜੈਕਟਾਂ ਨੂੰ ਬੀਜ਼ਿੰਗ ਪੂਰਾ ਕਰੇਗਾ।
ਦੱਸ ਦੇਈਏ ਕਿ ਇਹ ਰੇਲ ਪ੍ਰਾਜੈਕਟ ਚਾਬਹਾਰ ਬੰਦਰਗਾਹ ਤੋਂ ਜਹੇਦਾਨ ਦੇ ਵਿਚਕਾਰ ਬਣਾਇਆ ਜਾਣਾ ਹੈ ਅਤੇ ਭਾਰਤ ਇਸ ਲਈ ਫੰਡ ਮੁਹੱਈਆ ਕਰਵਾਉਣ ਵਾਲਾ ਸੀ । ਪਿਛਲੇ ਹਫ਼ਤੇ ਈਰਾਨ ਦੇ ਆਵਾਜਾਈ ਅਤੇ ਸ਼ਹਿਰੀ ਵਿਕਾਸ ਮੰਤਰੀ ਮੁਹੰਮਦ ਇਸਲਾਮੀ ਨੇ 628 ਕਿਲੋਮੀਟਰ ਰੇਲਵੇ ਟਰੈਕ ਦੇ ਨਿਰਮਾਣ ਦਾ ਉਦਘਾਟਨ ਕੀਤਾ ਸੀ । ਇਸ ਰੇਲਵੇ ਲਾਈਨ ਨੂੰ ਅਫਗਾਨਿਸਤਾਨ ਦੀ ਜਰਨਜ ਸਰਹੱਦ ਤੱਕ ਵਧਾਉਣਾ ਹੈ ਅਤੇ ਇਹ ਸਾਰਾ ਪ੍ਰਾਜੈਕਟ ਮਾਰਚ 2022 ਤੱਕ ਪੂਰਾ ਹੋਣਾ ਹੈ । ਹੁਣ ਚੀਨ ਨਾਲ ਸਮਝੌਤੇ ਤੋਂ ਬਾਅਦ ਸੰਭਾਵਨਾ ਹੈ ਕਿ ਸਸਤੇ ਤੇਲ ਦੀ ਬਜਾਏ ਇਹ ਫਸੇ ਪ੍ਰੋਜੈਕਟ ਚੀਨੀ ਕੰਪਨੀਆਂ ਨੂੰ ਸੌਂਪ ਦਿੱਤੇ ਜਾਣਗੇ ।
ਈਰਾਨ ਦੇ ਰੇਲਵੇ ਵਿਭਾਗ ਨੇ ਕਿਹਾ ਹੈ ਕਿ ਹੁਣ ਉਹ ਭਾਰਤ ਦੀ ਸਹਾਇਤਾ ਤੋਂ ਬਿਨ੍ਹਾਂ ਇਸ ਪ੍ਰਾਜੈਕਟ ‘ਤੇ ਅੱਗੇ ਵਧੇਗਾ, ਕਿਉਂਕਿ ਹੁਣ ਇਸ ਨੂੰ ਹੋਰ ਨਹੀਂ ਟਾਲਿਆ ਜਾ ਸਕਦਾ। ਈਰਾਨ ਨੇ ਐਲਾਨ ਕੀਤਾ ਹੈ ਕਿ ਉਹ ਇਸ ਪ੍ਰਾਜੈਕਟ ਲਈ ਰਾਸ਼ਟਰੀ ਵਿਕਾਸ ਫੰਡ ਵਿਚੋਂ 40 ਕਰੋੜ ਡਾਲਰ ਦੀ ਵਰਤੋਂ ਕਰੇਗਾ । ਇਸ ਤੋਂ ਪਹਿਲਾਂ ਭਾਰਤ ਸਰਕਾਰ ਦੀ ਰੇਲਵੇ ਕੰਪਨੀ ਇਰਕਾਨ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਵਾਲੀ ਸੀ । ਦੱਸ ਦੇਈਏ ਕਿ ਇਹ ਪ੍ਰਾਜੈਕਟ ਭਾਰਤ ਦੇ ਅਫਗਾਨਿਸਤਾਨ ਅਤੇ ਹੋਰ ਮੱਧ ਏਸ਼ੀਆਈ ਦੇਸ਼ਾਂ ਨੂੰ ਵਿਕਲਪਿਕ ਰਸਤਾ ਮੁਹੱਈਆ ਕਰਵਾਉਣ ਦੀ ਭਾਰਤ ਦੀ ਵਚਨਬੱਧਤਾ ਨੂੰ ਪੂਰਾ ਕਰਨ ਲਈ ਸੀ । ਇਸ ਦੇ ਲਈ ਈਰਾਨ, ਭਾਰਤ ਅਤੇ ਅਫਗਾਨਿਸਤਾਨ ਵਿਚਕਾਰ ਇੱਕ ਤਿਕੋਣੀ ਸਮਝੌਤਾ ਹੋਇਆ ਸੀ।
ਗੌਰਤਲਬ ਹੈ ਕਿ ਭਾਰਤ ਪਹਿਲਾਂ ਈਰਾਨ ਤੋਂ ਸਭ ਤੋਂ ਵੱਧ ਕੱਚੇ ਤੇਲ ਦਾ ਆਯਾਤ ਕਰ ਰਿਹਾ ਸੀ, ਪਰ ਅਮਰੀਕਾ ਦੀਆਂ ਪਾਬੰਦੀਆਂ ਤੋਂ ਬਾਅਦ ਇਸ ਵਿੱਚ ਕਾਫ਼ੀ ਕਮੀ ਆਈ। ਚਾਬਹਾਰ ਸਮਝੌਤੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲ 2016 ਵਿੱਚ ਈਰਾਨ ਯਾਤਰਾ ਦੌਰਾਨ ਹਸਤਾਖਰ ਹੋਏ ਸਨ । ਪੂਰੇ ਪ੍ਰੋਜੈਕਟ ‘ਤੇ ਲਗਭਗ 1.6 ਅਰਬ ਡਾਲਰ ਦਾ ਨਿਵੇਸ਼ ਹੋਣਾ ਸੀ। ਇਸ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਇਰਕਾਨ ਦੇ ਇੰਜੀਨੀਅਰ ਵੀ ਈਰਾਨ ਗਏ ਸਨ, ਪਰ ਭਾਰਤ ਨੇ ਅਮਰੀਕੀ ਪਾਬੰਦੀਆਂ ਦੇ ਡਰੋਂ ਰੇਲ ਪ੍ਰਾਜੈਕਟ ‘ਤੇ ਕੰਮ ਸ਼ੁਰੂ ਨਹੀਂ ਕੀਤਾ।