Ireland mulls return: ਯੂਰਪ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਦੁਬਾਰਾ ਵੱਧ ਰਹੇ ਹਨ ਅਤੇ ਇਸ ਕਾਰਨ ਆਇਰਲੈਂਡ ਨੇ ਹੁਣ ਦੇਸ਼ ਵਿੱਚ 6 ਹਫਤਿਆਂ ਲਈ ਰਾਸ਼ਟਰੀ ਲਾਕਡਾਊਨ ਦਾ ਐਲਾਨ ਕੀਤਾ ਹੈ। ਬੁੱਧਵਾਰ ਨੂੰ ਅੱਧੀ ਰਾਤ ਤੋਂ ਦੇਸ਼ ਵਿੱਚ ਲਾਕਡਾਊਨ ਲਾਗੂ ਹੋ ਜਾਵੇਗਾ। ਇਸ ਤੋਂ ਪਹਿਲਾਂ ਇਜ਼ਰਾਈਲ ਨੇ ਵੀ ਪਾਬੰਦੀਆਂ ਦੇ ਦੂਜੇ ਦੌਰ ਵਿੱਚ ਰਾਸ਼ਟਰੀ ਲਾਕਡਾਊਨ ਦਾ ਐਲਾਨ ਕੀਤਾ ਸੀ।
ਦਰਅਸਲ, ਇੱਕ ਰਿਪੋਰਟ ਅਨੁਸਾਰ ਆਇਰਲੈਂਡ ਵਿੱਚ ਅਗਲੇ 6 ਹਫ਼ਤਿਆਂ ਤੱਕ ਯੂਰਪ ਦਾ ਸਭ ਤੋਂ ਸਖਤ ਲਾਕਡਾਊਨ ਜਾਰੀ ਰਹੇਗਾ। ਹਾਲਾਂਕਿ, ਇੱਥੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ ਇੱਕ ਵੀ ਮੌਤ ਨਹੀਂ ਹੋਈ ਹੈ। ਸਰਕਾਰ ਨੇ ਕਿਹਾ ਹੈ ਕਿ ਆਉਣ ਵਾਲੇ ਹਫਤੇ ਵਿੱਚ ਸੰਭਾਵਿਤ ਖ਼ਤਰੇ ਦੇ ਮੱਦੇਨਜ਼ਰ ਲਾਕਡਾਊਨ ਲਾਗੂ ਕੀਤਾ ਜਾ ਰਿਹਾ ਹੈ। ਆਇਰਲੈਂਡ ਵਿੱਚ ਲਾਕਡਾਊਨ ਦੌਰਾਨ 1 ਦਸੰਬਰ ਤੱਕ ਲੋਕਾਂ ਦੇ ਵੱਡੇ ਇਕੱਠ ‘ਤੇ ਰੋਕ ਹੋਵੇਗੀ। ਜ਼ਿਆਦਾਤਰ ਕਾਰੋਬਾਰ ਬੰਦ ਰਹਿਣਗੇ। ਲੋਕਾਂ ਨੂੰ ਘਰ ਦੇ 5 ਕਿਲੋਮੀਟਰ ਦੇ ਘੇਰੇ ਵਿੱਚ ਹੀ ਨਿਕਲਣ ਦੀ ਆਗਿਆ ਹੋਵੇਗੀ।
ਦੱਸ ਦੇਈਏ ਕਿ ਇੱਥੇ ਲਾਕਡਾਊਨ ਦੌਰਾਨ ਅੰਤਿਮ ਸਸਕਾਰ ਲਈ 10 ਲੋਕ ਅਤੇ ਵਿਆਹ ਲਈ 25 ਲੋਕ ਇਕੱਠੇ ਹੋ ਸਕਣਗੇ। ਪੱਬਾਂ, ਰੈਸਟੋਰੈਂਟਾਂ ਅਤੇ ਕੈਫੇ ਤੋਂ ਸਿਰਫ ਡਿਲੀਵਰੀ ਅਤੇ ਟੇਕਵੇਅ ਸਹੂਲਤਾਂ ਉਪਲਬਧ ਹੋਣਗੀਆਂ। ਹਾਲਾਂਕਿ, ਆਇਰਲੈਂਡ ਨੇ ਲਾਕਡਾਊਨ ਦੌਰਾਨ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਲੋਕਾਂ ਨੂੰ ਵਿੱਤੀ ਸਹਾਇਤਾ ਦੇਣ ਦੀ ਗੱਲ ਕਹੀ ਹੈ। ਜ਼ਿਕਰਯੋਗ ਹੈ ਕਿ ਆਇਰਲੈਂਡ ਦੀ ਆਬਾਦੀ ਲਗਭਗ 50 ਲੱਖ ਹੈ। ਹੁਣ ਤੱਕ ਕੋਰੋਨਾ ਦੇ ਲਗਭਗ 51 ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ ਅਤੇ ਕੋਰੋਨਾ ਤੋਂ ਲਗਭਗ 1852 ਲੋਕਾਂ ਦੀ ਮੌਤ ਹੋ ਚੁੱਕੀ ਹੈ।