Jagmeet Singh NDP passes resolution: ਭਾਰਤ ਦੀ ਕੇਂਦਰ ਵੱਲੋਂ ਪਿਛਲੇ ਸਾਲ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਅੰਦੋਲਨ ਜਾਰੀ ਹੈ। ਕਿਸਾਨ ਅੰਦੋਲਨ ਨੂੰ ਹੁਣ ਵਿਦੇਸ਼ਾਂ ਵਿੱਚ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਵਿਚਾਲੇ ਹੁਣ ਕੈਨੇਡਾ ਵਿੱਚ ਜਗਮੀਤ ਸਿੰਘ ਦੀ ਅਗਵਾਈ ਵਾਲੀ ਕੈਨੇਡੀਅਨ ਨਿਊ ਡੈਮੋਕ੍ਰੈਟਿਕ ਪਾਰਟੀ (NDP) ਵੱਲੋਂ ਭਾਰਤ ਸਰਕਾਰ ਦੇ ਇਨ੍ਹਾਂ ਤਿੰਨ ਨਵੇਂ ਖੇਤੀ ਕਾਨੂੰਨਾਂ ਦੀ ਨਿਖੇਧੀ ਕੀਤੀ ਗਈ ਹੈ। ਇਨ੍ਹਾਂ ਕਾਨੂੰਨਾਂ ਦੀ ਨਿਖੇਧੀ ਕਰਦਿਆਂ ਇਨ੍ਹਾਂ ਵਿਰੁੱਧ ਇੱਕ ਮਤਾ ਵੀ ਪਾਸ ਕੀਤਾ ਹੈ । ਦਰਅਸਲ, ਭਾਰਤੀ ਕਿਸਾਨਾਂ ਨਾਲ ਅੰਤਰਰਾਸ਼ਟਰੀ ਇਕਜੁੱਟਤਾ ਲਈ ਮਤੇ ਨੂੰ ਏਜੰਡੇ ਵਿੱਚ ਤਰਜੀਹ ਦਿੱਤੀ ਗਈ ਸੀ।
ਇਸ ਮਤੇ ਨੇ ਇਜ਼ਰਾਈਲ-ਫਿਲਸਤੀਨ ਵਿੱਚ ਨਿਆਂ ਅਤੇ ਸ਼ਾਂਤੀ ਤੋਂ ਪਹਿਲਾਂ ਸੰਮੇਲਨ ਦੀ ਪ੍ਰਾਥਮਿਕਤਾ ਸੂਚੀ ਵਿੱਚ ਸਿਖਰਲਾ ਸਥਾਨ ਹਾਸਿਲ ਕੀਤਾ । ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 22 ਫਰਵਰੀ ਨੂੰ ਕੈਨੇਡਾ ਦੇ ਹਾਊਸ ਆਫ਼ ਕਾਮਨਜ਼ ਵੱਲੋਂ ਇੱਕ ਮਤਾ ਪਾਸ ਕੀਤਾ ਗਿਆ ਸੀ, ਜਿਸ ਵਿੱਚ ਸ਼ਿਨਜਿਆਂਗ ਵਿੱਚ ਚੀਨੀ ਕਾਰਵਾਈਆਂ ਨੂੰ ਨਸਲਕੁਸ਼ੀ ਕਰਾਰ ਦਿੱਤਾ ਗਿਆ ਸੀ।
ਦੱਸ ਦੇਈਏ ਕਿ ਇਸ ਮਤੇ ਵਿੱਚ ਕਿਹਾ ਗਿਆ ਹੈ ਕਿ ਸੰਘੀ ਸਰਕਾਰ ਭਾਰਤ ਦੀਆਂ ਕਾਰਵਾਈਆਂ ਦੀ ਨਿੰਦਾ ਕਰੇ ਅਤੇ ਭਾਰਤ ਸਰਕਾਰ ਵੱਲੋਂ ਕਿਸਾਨਾਂ ‘ਤੇ ਕੀਤੇ ਜਾ ਰਹੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਖੜ੍ਹੇ ਹੋਣ ਲਈ ਦ੍ਰਿੜ ਰੁਖ਼ ਕਰੇ । ਇਸ ਤੋਂ ਇਲਾਵਾ ਇਸ ਮਤੇ ਵਿੱਚ ਮੰਗ ਕਰਦਿਆਂ ਕਿਹਾ ਗਿਆ ਹੈ ਕਿ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਕੌਮਾਂਤਰੀ ਜਵਾਬਦੇਹੀ ਸਖਤ ਕੀਤੀ ਜਾਵੇ ।