Joe Biden Admin proposes: ਬਾਇਡੇਨ ਪ੍ਰਸ਼ਾਸਨ ਨੇ H-1B ਵੀਜ਼ਾ ਕਰਮਚਾਰੀਆਂ ਦੀ ਤਨਖਾਹ ਸਬੰਧੀ ਕੰਮ ਨੂੰ ਡੇਢ ਸਾਲ ਲਈ ਮੁਲਤਵੀ ਕਰ ਦਿੱਤਾ ਹੈ। ਸੋਮਵਾਰ ਨੂੰ ਜਾਰੀ ਕੀਤੀ ਗਈ ਰੀਲੀਜ਼ ਦੇ ਅਨੁਸਾਰ, ਇਸ ਦੇਰੀ ਨਾਲ ਕਿਰਤ ਵਿਭਾਗ ਨੂੰ ਕਾਨੂੰਨੀ ਅਤੇ ਨੀਤੀਗਤ ਮੁੱਦਿਆਂ ‘ਤੇ ਵਿਚਾਰ ਕਰਨ ਲਈ ਕਾਫ਼ੀ ਸਮਾਂ ਮਿਲੇਗਾ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਤਨਖਾਹ ਸਬੰਧੀ ਨਿਰਧਾਰਨ ਨੂੰ 60 ਦਿਨਾਂ ਲਈ ਮੁਲਤਵੀ ਕਰਨ ਲਈ ਕਿਹਾ ਗਿਆ ਸੀ।
ਦੱਸ ਦੇਈਏ ਕਿ H-1B ਵੀਜ਼ਾ ਇੱਕ ਗੈਰ-ਅਨਿਵਾਸੀ ਵੀਜ਼ਾ ਹੈ। ਇਹ ਵੀਜ਼ਾ ਅਮਰੀਕੀ ਕੰਪਨੀਆਂ ਵਿੱਚ ਕੰਮ ਕਰਨ ਵਾਲੇ ਹੁਨਰਮੰਦ ਕਰਮਚਾਰੀਆਂ ਨੂੰ ਰੱਖਣ ਲਈ ਦਿੱਤਾ ਜਾਂਦਾ ਹੈ, ਜਿਨ੍ਹਾਂ ਦੀ ਅਮਰੀਕਾ ਵਿੱਚ ਘਾਟ ਹੋਵੇ। ਇਸ ਵੀਜ਼ਾ ਲਈ ਸਮਾਂ ਸੀਮਾ 6 ਸਾਲ ਦੀ ਹੁੰਦੀ ਹੈ। ਅਮਰੀਕੀ ਕੰਪਨੀਆਂ ਦੀ ਮੰਗ ਦੇ ਚੱਲਦਿਆਂ ਭਾਰਤੀ IT ਪੇਸ਼ੇਵਰ ਇਸ ਵੀਜ਼ਾ ਨੂੰ ਸਭ ਤੋਂ ਵੱਧ ਹਾਸਿਲ ਕਰਦੇ ਹਨ।
ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਜਾਰੀ ਕੀਤੀ ਗਈ ਇੱਕ ਸੰਘੀ ਨੋਟੀਫਿਕੇਸ਼ਨ ਵਿੱਚ ਕਿਰਤ ਵਿਭਾਗ ਨੇ ਕਿਹਾ ਕਿ ਉਹ ਇਸ ਬਾਰੇ ਵਿਚਾਰ ਕਰ ਰਿਹਾ ਹੈ ਕਿ ਅੰਤਿਮ ਨਿਯਮ ਦੀ ਪ੍ਰਭਾਵੀ ਤਰੀਕ ਨੂੰ ਅੱਗੇ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣੀ ਹੈ ਜਾਂ ਨਹੀਂ। ਇਹ ਦੇਰੀ ਦਾ ਪ੍ਰਸਤਾਵ ਰਾਸ਼ਟਰਪਤੀ ਵੱਲੋਂ 20 ਜਨਵਰੀ ਨੂੰ ਜਾਰੀ ਕੀਤੇ ਗਏ ਨਿਰਦੇਸ਼ ਦੇ ਅਨੁਸਾਰ ਹੈ।
ਦਰਅਸਲ, ਵਿਭਾਗ ਵੱਲੋਂ ਪ੍ਰਭਾਵੀ ਤਰੀਕ ਦੀ ਪ੍ਰਸਤਾਵਿਤ ਦੇਰੀ ਨੂੰ ਲੈ ਕੇ ਲੋਕਾਂ ਤੋਂ ਲਿਖਤੀ ਇਤਰਾਜ਼ ਮੰਗੇ ਗਏ ਸਨ। ਜਿਸ ਦੀ ਆਖਰੀ ਤਾਰੀਖ 16 ਫਰਵਰੀ ਸੀ। ਜਨਵਰੀ 2021 ਵਿੱਚ ਪ੍ਰਕਾਸ਼ਿਤ ਕੀਤੇ ਗਏ ਅੰਤਿਮ ਨਿਯਮ ਉਨ੍ਹਾਂ ਮਾਲਕਾਂ ਨੂੰ ਪ੍ਰਭਾਵਿਤ ਕਰਦੇ ਹਨ ਜੋ H-1B, H-1B1 ਅਤੇ E-3 ਵੀਜ਼ਾ ਧਾਰਕਾਂ ਨੂੰ ਆਪਣੇ ਅਦਾਰਿਆਂ ਵਿੱਚ ਸਥਾਈ ਜਾਂ ਅਸਥਾਈ ਆਧਾਰ ‘ਤੇ ਰੱਖਣਾ ਚਾਹੁੰਦੇ ਹਨ।