Joe Biden announces all adults: ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਮੰਗਲਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਅਮਰੀਕਾ ਵਿੱਚ ਹਰ ਬਾਲਗ ਵਿਅਕਤੀ 19 ਅਪ੍ਰੈਲ ਤੋਂ ਕੋਵਿਡ-19 ਟੀਕਾਕਰਨ ਲਈ ਯੋਗ ਹੋਵੇਗਾ। ਬਾਇਡੇਨ ਨੇ ਅਮਰੀਕਾ ਵਿੱਚ ਸਾਰੇ ਲੋਕਾਂ ਲਈ ਟੀਕਾਕਰਨ ਦਾ ਟੀਚਾ ਪਹਿਲਾਂ 1 ਮਈ ਨੂੰ ਮਿੱਥਿਆ ਸੀ, ਜਿਸ ਨੂੰ ਘਟਾ ਕੇ ਲਗਭਗ ਦੋ ਹਫ਼ਤੇ ਪਹਿਲਾਂ 19 ਅਪ੍ਰੈਲ ਤੋਂ ਸਾਰੇ ਬਾਲਗਾਂ ਨੂੰ ਟੀਕਾਕਰਨ ਲਈ ਯੋਗ ਦੱਸਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਹੈ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਸਿਰਫ 75 ਦਿਨ ਦੇ ਅੰਦਰ ਰਿਕਾਰਡ 15 ਕਰੋੜ ਲੋਕਾਂ ਦਾ ਟੀਕਾਕਰਨ ਕੀਤਾ ਹੈ ਅਤੇ ਦੇਸ਼ ਵਿੱਚ 19 ਅਪ੍ਰੈਲ ਤੋਂ ਹਰ ਬਾਲਗ ਨੂੰ ਟੀਕਾ ਲੱਗ ਸਕੇਗਾ । ਬਾਇਡੇਨ ਨੇ ਆਪਣੇ ਪ੍ਰਸ਼ਾਸਨ ਦੇ ਸ਼ੁਰੂਆਤੀ 100 ਦਿਨ ਦੇ ਅੰਦਰ 10 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਰੱਖਿਆ ਸੀ ਪਰ ਉਹਨਾਂ ਨੇ ਸਿਰਫ 75 ਦਿਨ ਦੇ ਅੰਦਰ ਰਿਕਾਰਡ 15 ਕਰੋੜ ਲੋਕਾਂ ਦਾ ਟੀਕਾਕਰਨ ਕਰਵਾ ਦਿੱਤਾ ਹੈ ।
ਬਾਇਡੇਨ ਨੇ ਆਪਣੇ ਪ੍ਰਸ਼ਾਸਨ ਦੇ ਸ਼ੁਰੂਆਤੀ 100 ਦਿਨਾਂ ਦੇ ਅੰਦਰ 10 ਕਰੋੜ ਲੋਕਾਂ ਦੇ ਟੀਕਾਕਰਨ ਦਾ ਟੀਚਾ ਰੱਖਿਆ ਹੈ । ਰਾਸ਼ਟਰਪਤੀ ਨੇ ਵਾਸ਼ਿੰਗਟਨ ਡੀ.ਸੀ. ਦੇ ਵਰਜੀਨੀਆ ਉਪਨਗਰ ਵਿੱਚ ਇੱਕ ਟੀਕਾਕਰਨ ਕੇਂਦਰ ਵਿੱਚ ਕਿਹਾ,”ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਹਾਲੇ ਜਿੱਤੇ ਦੇ ਕਰੀਬ ਨਹੀਂ ਪਹੁੰਚੇ ਹਾਂ । ਹਾਲੇ ਬਹੁਤ ਕੁਝ ਕਰਨਾ ਬਾਕੀ ਹੈ । ਵਾਇਰਸ ਖ਼ਿਲਾਫ਼ ਜੰਗ ਵਿੱਚ ਅਸੀਂ ਹਾਲੇ ਵੀ ਸੰਘਰਸ਼ ਕਰ ਰਹੇ ਹਾਂ । ਜਦੋਂ ਤੱਕ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਨਹੀਂ ਹੁੰਦਾ, ਉਦੋਂ ਤੱਕ ਇਹ ਜ਼ਰੂਰੀ ਹੈ ਕਿ ਹਰ ਕੋਈ ਆਪਣੇ ਹੱਥਾਂ ਨੂੰ ਧੋਵੇ, ਸਮਾਜਿਕ ਦੂਰੀ ਦੀ ਪਾਲਣਾ ਕਰੇ ਅਤੇ ਮਾਸਕ ਪਾਵੇ।”
ਉਨ੍ਹਾਂ ਨੇ ਕਿਹਾ, “ਟੀਕਾਕਰਨ ਹੀ ਮਹਾਂਮਾਰੀ ਨੂੰ ਹਰਾਉਣ ਦਾ ਇੱਕਲੌਤਾ ਢੰਗ ਹੈ ।” ਬਾਈਡੇਨ ਨੇ ਅੱਗੇ ਕਿਹਾ ਇਸ ਨੂੰ ਇੰਝ ਸੋਚੋ ਕਿ ਚੰਗਾ ਸਮਾਂ ਆਉਣ ਵਾਲਾ ਹੈ ਅਤੇ ਮੈਂ ਪਹਿਲਾਂ ਹੀ ਕਿਹਾ ਸੀ ਕਿ ਜੁਲਾਈ ਤੱਕ ਅਸੀਂ ਇੱਕ ਸੁਰੱਖਿਅਤ, ਖੁਸ਼ਹਾਲ ਮਾਹੌਲ ਵਿੱਚ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਛੋਟੇ ਸਮੂਹਾਂ ਵਿੱਚ ਖੁਸ਼ੀ ਦੇ ਪਲ ਬਿਤਾ ਸਕਾਂਗੇ, ਪਰ ਅਸਲ ਸਵਾਲ ਇਹ ਹੈ ਕਿ ਉਦੋਂ ਤੱਕ ਅਸੀਂ ਕਿੰਨੀਆਂ ਹੋਰ ਮੌਤਾਂ, ਬੀਮਾਰੀਆਂ ਅਤੇ ਦੁਖ ਦੇਖਣੇ ਬਾਕੀ ਹਨ ।
ਬਾਇਡੇਨ ਨੇ ਕਿਹਾ ਕਿ ਨਵੇਂ ਮਾਮਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਹਸਪਤਾਲਾਂ ਵਿੱਚ ਮਰੀਜ਼ ਵੱਧ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਵਾਇਰਸ ਦੇ ਨਵੇਂ ਵੈਰੀਐਂਟ ਤੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ । ਹੋਰ ਦੇਸ਼ਾਂ ਵਿੱਚ ਨਵੇਂ ਵੈਰੀਐਂਟ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਅਮਰੀਕਾ ਵਿੱਚ ਵੀ ਅਜਿਹੇ ਮਾਮਲੇ ਆ ਰਹੇ ਹਨ। ਉਨ੍ਹਾਂ ਨੇ ਮੰਨਿਆ ਕਿ ਵਾਇਰਸ ਦਾ ਨਵਾਂ ਵੈਰੀਐਂਟ ਜ਼ਿਆਦਾ ਜਾਨਲੇਵਾ ਹੈ ਪਰ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਟੀਕਾ ਨਵੇਂ ਵੈਰੀਐਂਟ ‘ਤੇ ਵੀ ਕਾਰਗਰ ਹੈ। ਉਨ੍ਹਾਂ ਨੇ ਸਵੀਕਾਰ ਕੀਤਾ ਕਿ ਉਹਨਾਂ ਦਾ ਪ੍ਰਸ਼ਾਸਨ ਮਾਰਚ ਤੱਕ ਹਰ ਸਕੂਲੀ ਅਧਿਆਪਕ, ਸਕੂਲ ਕਰਮਚਾਰੀ ਅਤੇ ਬੱਚਿਆਂ ਦੀ ਦੇਖਭਾਲ ਕਰਨ ਵਾਲੇ ਕਰਮਚਾਰੀ ਨੂੰ ਟੀਕੇ ਦੀ ਖੁਰਾਕ ਦੇਣ ਦੇ ਟੀਚੇ ਨੂੰ ਪੂਰਾ ਨਹੀਂ ਕਰ ਪਾਇਆ ਜਿਸ ਨਾਲ ਕਿ ਸਕੂਲਾਂ ਨੂੰ ਮੁੜ ਖੋਲ੍ਹਿਆ ਜਾ ਸਕੇ।
ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਹੁਣ ਤੱਕ 5,54,064 ਅਮਰੀਕੀ ਜਾਨ ਗਵਾ ਚੁੱਕੇ ਹਨ । ਅਮਰੀਕੀ ਰਾਸ਼ਟਰਪਤੀ ਨੇ ਚੇਤਾਵਨੀ ਦਿੱਤੀ ਕਿ ਵਾਇਰਸ ਦਾ ਨਵਾਂ ਵੈਰੀਐਂਟ ਤੇਜ਼ੀ ਨਾਲ ਫੈਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮਹਾਂਮਾਰੀ ਹੁਣ ਵੀ ਖਤਰਨਾਕ ਪੱਧਰ ‘ਤੇ ਹੈ। ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਉਹਨਾਂ ਦੇ ਪਤੀ ਡਗ ਐਮਹੌਫ ਨੇ ਵੀ ਮੰਗਲਵਾਰ ਨੂੰ ਕੋਵਿਡ-19 ਟੀਕਾਕਰਨ ਮੁਹਿੰਮ ਦੇ ਪ੍ਰਚਾਰ ਵਿਚ ਹਿੱਸਾ ਲਿਆ। ਦੋਹਾਂ ਨੇ ਟੀਕਾਕਰਨ ਕੇਂਦਰ ਦਾ ਦੌਰਾ ਕੀਤਾ ।