ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਸ ਦੇਸ਼ ਵਿੱਚ ਸਭ ਕੁਝ ਬਦਲ ਗਿਆ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਕਿਸੇ ਤਰ੍ਹਾਂ ਦੇਸ਼ ਛੱਡਣਾ ਚਾਹੁੰਦੇ ਹਨ। ਅਫਗਾਨਿਸਤਾਨ ਤੋਂ ਨਿਕਲਣ ਦਾ ਸਿਰਫ਼ ਇੱਕ ਹੀ ਰਸਤਾ ਬਚਿਆ ਹੈ – ਕਾਬੁਲ ਏਅਰਪੋਰਟ।
ਇਥੋਂ ਦੀ ਸੁਰੱਖਿਆ ਅਮਰੀਕੀ ਫੌਜ ਕੋਲ ਹੈ। ਕਾਬੁਲ ਹਵਾਈ ਅੱਡੇ ‘ਤੇ ਲਗਭਗ 2.5 ਲੱਖ ਲੋਕਾਂ ਦੀ ਭੀੜ ਹੈ, ਜੋ ਅਫਗਾਨਿਸਤਾਨ ਛੱਡਣਾ ਚਾਹੁੰਦੀ ਹੈ। ਸਥਿਤੀ ਇਹ ਹੈ ਕਿ ਹਵਾਈ ਅੱਡੇ ‘ਤੇ ਲੋਕ ਭੁੱਖ ਅਤੇ ਪਿਆਸ ਨਾਲ ਮਰ ਰਹੇ ਹਨ।
ਇਸੇ ਵਿਚਾਲੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹਵਾਈ ਅੱਡੇ ‘ਤੇ ਭੋਜਨ ਅਤੇ ਪਾਣੀ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇੱਥੇ ਇੱਕ ਪਾਣੀ ਦੀ ਬੋਤਲ 40 ਡਾਲਰ ਯਾਨੀ 3000 ਰੁਪਏ ਵਿੱਚ ਮਿਲ ਰਹੀ ਹੈ, ਜਦੋਂ ਕਿ ਚਾਵਲ ਦੀ ਇੱਕ ਪਲੇਟ ਲਈ 100 ਡਾਲਰ ਯਾਨੀ 7500 ਰੁਪਏ ਖਰਚ ਕਰਨੇ ਪੈਣਗੇ ।
ਹਵਾਈ ਅੱਡੇ ‘ਤੇ ਪਾਣੀ ਜਾਂ ਭੋਜਨ ਕੁਝ ਵੀ ਖਰੀਦਣ ਲਈ ਅਫਗਾਨਿਸਤਾਨ ਦੀ ਕਰੰਸੀ ਨਹੀਂ ਲਈ ਜਾ ਰਹੀ ਹੈ। ਸਿਰਫ ਡਾਲਰਾਂ ਵਿੱਚ ਹੀ ਪੇਮੈਂਟ ਸਵੀਕਾਰ ਕੀਤੀ ਜਾ ਰਹੀ ਹੈ। ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਿੱਚ ਹੋਰ ਵਾਧਾ ਹੋ ਗਿਆ ਹੈ।
ਇਸ ਸਬੰਧੀ ਅਫਗਾਨਿਸਤਾਨ ਦੇ ਲੋਕਾਂ ਦਾ ਕਹਿਣਾ ਹੈ ਕਿ ਕਾਬੁਲ ਵਿੱਚ ਘਰ ਤੋਂ ਹਵਾਈ ਅੱਡੇ ਤੱਕ ਪਹੁੰਚਣ ਵਿੱਚ ਉਨ੍ਹਾਂ ਨੂੰ 5 ਤੋਂ 6 ਦਿਨ ਲੱਗ ਗਏ, ਕਿਉਂਕਿ ਸ਼ਹਿਰ ਤੋਂ ਹਵਾਈ ਅੱਡੇ ਤੱਕ ਤਾਲਿਬਾਨ ਦਾ ਪਹਿਰਾ ਹੈ। ਤਾਲਿਬਾਨ ਦੀ ਗੋਲੀਬਾਰੀ ਨੇ ਦਹਿਸ਼ਤ ਪੈਦਾ ਕੀਤੀ ਹੋਈ ਹੈ ਅਤੇ ਹਜ਼ਾਰਾਂ ਦੀ ਭੀੜ ਨੂੰ ਪਾਰ ਕਰ ਕੇ ਹਵਾਈ ਅੱਡੇ ਅੰਦਰ ਦਾਖਲ ਹੋਣਾ ਬਹੁਤ ਮੁਸ਼ਕਿਲ ਕੰਮ ਹੈ।
ਜੇ ਤੁਸੀਂ ਏਅਰਪੋਰਟ ਦੇ ਅੰਦਰ ਚਲੇ ਵੀ ਜਾਂਦੇ ਹੋ ਤਾਂ ਤੁਹਾਨੂੰ ਜਹਾਜ਼ ਮਿਲਣ ਵਿੱਚ ਪੰਜ ਤੋਂ ਛੇ ਦਿਨ ਲੱਗ ਜਾਂਦੇ ਹਨ। ਸਿਰਫ਼ ਬਿਸਕੁਟ ਨਮਕੀਨ ਨਾਲ ਗੁਜ਼ਾਰਾ ਕਰਨਾ ਪੈਂਦਾ ਹੈ। ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੱਧ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਗਈਆਂ ਹਨ। ਅਫਗਾਨਿਸਤਾਨ ਦੀ ਹਾਲਤ ਅਜਿਹੀ ਹੈ ਕਿ ਬਹੁਤ ਸਾਰੇ ਬੱਚੇ ਆਪਣੇ ਮਾਪਿਆਂ ਤੋਂ ਬਿਨ੍ਹਾ ਅਫਗਾਨਿਸਤਾਨ ਛੱਡ ਰਹੇ ਹਨ।
ਦੱਸ ਦੇਈਏ ਕਿ ਕਾਬੁਲ ਤੋਂ ਹੁਣ ਤੱਕ 82,300 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਚੁੱਕਿਆ ਹੈ। ਕਾਬੁਲ ਵਿੱਚ ਲਗਭਗ 6 ਹਜ਼ਾਰ ਅਮਰੀਕੀ ਕਾਬੁਲ ਵਿੱਚ ਪਾਏ ਗਏ ਹਨ। ਜਿਨ੍ਹਾਂ ਵਿੱਚੋਂ 4500 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਾਲ ਹੀ ਵਿੱਚ, ਤਾਲਿਬਾਨ ਨੇ ਕਿਹਾ ਸੀ ਕਿ ਜੇਕਰ ਅਮਰੀਕਾ 31 ਅਗਸਤ ਤੱਕ ਆਪਣੀ ਮੁਹਿੰਮ ਖ਼ਤਮ ਨਹੀਂ ਕਰਦਾ, ਤਾਂ ਇਸਦੇ ਨਤੀਜੇ ਭਿਆਨਕ ਹੋ ਸਕਦੇ ਹਨ।