ਅਫਗਾਨਿਸਤਾਨ ਦੇ ਕਾਬੁਲ ਵਿੱਚ ਬੰਬ ਧਮਾਕਾ ਹੋਇਆ ਹੈ । ਇਹ ਬੰਬ ਧਮਾਕਾ ਕਾਬੁਲ ਦੀ ਮਸਜਿਦ ਵਿੱਚ ਹੋਇਆ ਹੈ । ਦੱਸਿਆ ਜਾ ਰਿਹਾ ਹੈ ਕਿ ਇਸ ਬੰਬ ਧਮਾਕੇ ਵਿੱਚ ਹੁਣ ਤੱਕ 20 ਲੋਕਾਂ ਦੀ ਮੌਤ ਹੋ ਗਈ ਹੈ ਤੇ 40 ਦੇ ਕਰੀਬ ਲੋਕ ਜ਼ਖਮੀ ਦੱਸੇ ਜਾ ਰਹੇ ਹਨ । ਇਸ ਸਬੰਧੀ ਕਾਬੁਲ ਦੇ ਐਮਰਜੈਂਸੀ ਹਸਪਤਾਲ ਨੇ ਦੱਸਿਆ ਕਿ ਕੁੱਲ 27 ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ। ਜਿਸ ਵਿੱਚ ਪੰਜ ਬੱਚੇ ਵੀ ਸ਼ਾਮਲ ਹਨ। ਫਿਲਹਾਲ ਤਾਲਿਬਾਨ ਦੇ ਸੁਰੱਖਿਆ ਗਾਰਡਾਂ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਜ਼ਖਮੀਆਂ ਨੂੰ ਕਾਬੁਲ ਦੇ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਕਾਬੁਲ ਸ਼ਹਿਰ ਦੇ ਸਰ-ਏ-ਕੋਟਲ ਖੈਰਖਾਨਾ ਵਿੱਚ ਇਹ ਬੰਬ ਧਮਾਕਾ ਹੋਇਆ । ਕਾਬੁਲ ਦੇ ਸੁਰੱਖਿਆ ਵਿਭਾਗ ਖਾਲਿਦ ਜ਼ਰਦਾਨ ਨੇ ਧਮਾਕੇ ਦੀ ਪੁਸ਼ਟੀ ਕੀਤੀ ਹੈ। ਅਜੇ ਤੱਕ ਕਿਸੇ ਵੀ ਸੰਗਠਨ ਵੱਲੋਂ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਗਈ ਹੈ। ਪਰ ਪਿਛਲੇ ਕਈ ਮਹੀਨਿਆਂ ਵਿੱਚ ਅਜਿਹੇ ਕਈ ਹਮਲੇ ਹੋਏ ਹਨ, ਜਿਨ੍ਹਾਂ ਵਿੱਚ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ ਗਿਆ ।
ਦੱਸ ਦੇਈਏ ਕਿ ਪਿਛਲੇ ਹਫਤੇ ਕਾਬੁਲ ਵਿੱਚ ਇੱਕ ਫਿਦਾਈਨ ਹਮਲੇ ਵਿੱਚ ਤਾਲਿਬਾਨ ਸਮਰਥਕ ਮੌਲਾਨਾ ਸ਼ੇਖ ਰਹੀਮੁੱਲਾ ਹੱਕਾਨ ਦੀ ਮੌਤ ਹੋ ਗਈ ਸੀ। ਇਸ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਵੱਲੋਂ ਲਈ ਗਈ ਸੀ । ਇਸ ਤੋਂ ਪਹਿਲਾਂ 8 ਅਗਸਤ ਨੂੰ ਕਾਬੁਲ ਦੇ ਇੱਕ ਬਾਜ਼ਾਰ ਵਿੱਚ ਹੋਏ ਬੰਬ ਧਮਾਕੇ ਵਿੱਚ 8 ਲੋਕ ਮਾਰੇ ਗਏ ਸਨ ਅਤੇ 22 ਲੋਕ ਜ਼ਖਮੀ ਹੋ ਗਏ ਸਨ । ਇਹ ਧਮਾਕਾ ਸ਼ਹਿਰ ਦੇ ਪੱਛਮੀ ਇਲਾਕੇ ਵਿੱਚ ਹੋਇਆ ਜਿੱਥੇ ਸ਼ੀਆ ਮੁਸਲਿਮ ਭਾਈਚਾਰੇ ਦੇ ਲੋਕ ਆਉਂਦੇ-ਜਾਂਦੇ ਸਨ । ਇਸ ਧਮਾਕੇ ਦੀ ਜ਼ਿੰਮੇਵਾਰੀ ਵੀ ਇਸਲਾਮਿਕ ਸਟੇਟ ਨੇ ਨਹੀਂ ਲਈ ਸੀ।
ਵੀਡੀਓ ਲਈ ਕਲਿੱਕ ਕਰੋ -: