Karachi explosion: ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਵੱਡਾ ਧਮਾਕਾ ਹੋਇਆ ਹੈ। ਗੁਲਸ਼ਨ-ਏ-ਇਕਬਾਲ ਵਿੱਚ ਮਸਕਨ ਚੌਰੰਗੀ ਵਿੱਚ ਇੱਕ ਦੋ ਮੰਜ਼ਿਲਾ ਇਮਾਰਤ ਵਿੱਚ ਵਿਸਫੋਟ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਧਮਾਕੇ ਵਿੱਚ ਕਈ ਲੋਕ ਜ਼ਖਮੀ ਹੋ ਗਏ ਹਨ ਤੇ ਆਸ-ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਵੀ ਚਕਨਾਚੂਰ ਹੋ ਗਈਆਂ ਹਨ । ਪਾਕਿਸਤਾਨੀ ਮੀਡੀਆ ਅਨੁਸਾਰ ਇਸ ਧਮਾਕੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 15 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਇਸ ਘਟਨਾ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਪਟੇਲ ਹਸਪਤਾਲ ਲਿਜਾਇਆ ਗਿਆ ਹੈ । ਧਮਾਕੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ, ਮੁਬੀਨਾ ਟਾਊਨ ਪੁਲਿਸ ਦੇ ਐਸਐਚਓ ਨੇ ਕਿਹਾ ਕਿ ਇਹ ਇੱਕ ਸਿਲੰਡਰ ਧਮਾਕੇ ਦੀ ਤਰ੍ਹਾਂ ਜਾਪਦਾ ਹੈ। ਉਨ੍ਹਾਂ ਕਿਹਾ ਕਿ ਬੰਬ ਨਿਰੋਧਕ ਦਸਤੇ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਘਟਨਾ ਦਾ ਪਤਾ ਲੱਗਦਿਆਂ ਹੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਅਤੇ ਬਚਾਅ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ । ਇਸ ਘਟਨਾ ਤੋਂ ਬਾਅਦ ਧਮਾਕੇ ਵਾਲੀ ਥਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਧਮਾਕਾ ਇਮਾਰਤ ਦੀ ਦੂਸਰੀ ਮੰਜ਼ਲ ‘ਤੇ ਹੋਣ ਦਾ ਸ਼ੱਕ ਹੈ । ਇਸ ਘਟਨਾ ਸਬੰਧੀ ਚਸ਼ਮਦੀਦਾਂ ਨੇ ਦੱਸਿਆ ਕਿ ਆਸ-ਪਾਸ ਦੀਆਂ ਇਮਾਰਤਾਂ ਦੀਆਂ ਖਿੜਕੀਆਂ ਦੇ ਨਾਲ ਕੁਝ ਵਾਹਨ ਵੀ ਨੁਕਸਾਨੇ ਗਏ ਹਨ।
ਦੱਸ ਦੇਈਏ ਕਿ ਬੀਤੇ ਦਿਨ ਹੀ ਕਰਾਚੀ ਦੇ ਸ਼ੀਰੀਨ ਜਿਨਾਹ ਕਲੋਨੀ ਨੇੜੇ ਬੱਸ ਟਰਮੀਨਲ ਦੇ ਪ੍ਰਵੇਸ਼ ਦੁਆਰ ‘ਤੇ ਬੰਬ ਫਟਣ ਕਾਰਨ ਪੰਜ ਲੋਕ ਜ਼ਖਮੀ ਹੋ ਗਏ ਸਨ । ਪੁਲਿਸ ਜਾਂਚਕਰਤਾਵਾਂ ਨੇ ਦੱਸਿਆ ਕਿ ਇਹ IED ਧਮਾਕਾ ਸੀ, ਜੋ ਟਰਮੀਨਲ ਦੇ ਗੇਟ ਤੇ ਲਗਾਈ ਗਈ ਸੀ । ਇਸ ਧਮਾਕੇ ਵਿੱਚ ਪੰਜ ਲੋਕ ਜ਼ਖਮੀ ਹੋ ਗਏ ਸਨ।