Kartarpur corridor: ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਬਣਿਆਂ ਅੱਜ ਇੱਕ ਸਾਲ ਬੀਤ ਗਿਆ ਹੈ, ਪਰ ਦੁਖਾਂਤ ਇਹ ਹੈ ਕਿ ਇਸ ਇੱਕ ਸਾਲ ਵਿੱਚ ਇਹ ਲਾਂਘਾ ਸਿਰਫ ਚਾਰ ਮਹੀਨਿਆਂ ਲਈ ਖੋਲ੍ਹਿਆ ਜਾ ਸਕਿਆ ਹੈ। 9 ਨਵੰਬਰ, 2019 ਨੂੰ ਖੁਲ੍ਹੇ ਲਾਂਘੇ ਦੇ ਜ਼ਰੀਏ, ਸੰਗਤ ਨੇ ਦਰਸ਼ਨ ਦੀਦਾਰ ਲਈ ਜਾਣਾ ਸ਼ੁਰੂ ਹੀ ਕੀਤਾ ਸੀ ਕਿ ਵਿਸ਼ਵ ਵਿਆਪੀ ਕੋਰੋਨਾ ਮਹਾਂਮਾਰੀ ਨੇ 15 ਮਾਰਚ, 2020 ਨੂੰ ਦੁਬਾਰਾ ਦਰਵਾਜ਼ੇ ਬੰਦ ਕਰਵਾ ਦਿੱਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਿੱਛਲੇ ਸਾਲ 9 ਨਵੰਬਰ ਨੂੰ ਸਰਹੱਦ ਦੇ ਦੋਵੇਂ ਪਾਸਿਓਂ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਸੀ। ਇਹ ਲਾਂਘਾ 9 ਕਿਲੋਮੀਟਰ ਦਾ ਹੈ, ਜਿਸ ਦਾ 4.7 ਕਿਲੋਮੀਟਰ ਦਾ ਹਿੱਸਾ ਪਾਕਿਸਤਾਨ ਵਿੱਚ ਹੈ। ਇਹ ਲਾਂਘਾ ਭਾਰਤ ਦੇ ਪੰਜਾਬ ਵਿੱਚ ਸਥਿਤ ਡੇਰਾ ਬਾਬਾ ਨਾਨਕ ਨੂੰ ਦਰਬਾਰ ਸਾਹਿਬ ਨਾਲ ਜੋੜਦਾ ਹੈ। ਜਿਸ ਨੂੰ ਕਰਤਾਰਪੁਰ ਸਾਹਿਬ ਕਿਹਾ ਜਾਂਦਾ ਹੈ। ਗੁਆਂਢੀ ਦੇਸ਼ ਵਿੱਚ ਨਾਰੋਵਾਲ ਜ਼ਿਲ੍ਹੇ ‘ਚ ਗੁਰੂ ਨਾਨਕ ਦੇਵ ਜੀ ਦਾ ਅੰਤਿਮ ਆਰਾਮ ਸਥਾਨ ਹੈ। ਇਹ ਮੰਨਿਆ ਜਾ ਰਿਹਾ ਸੀ ਕਿ ਕਰਤਾਰਪੁਰ ਲਾਂਘਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਸਬੰਧਾਂ ਵਿਚਲੀ ਕੜਵਾਹਟ ਨੂੰ ਦੂਰ ਕਰੇਗਾ। ਗੁਰਦੁਆਰਾ ਸਾਹਿਬ ਕਰਤਾਰਪੁਰ ਇੱਕ ਵਿਸ਼ਾਲ ਧਾਰਮਿਕ ਸੈਰ-ਸਪਾਟੇ ਵਜੋਂ ਉਭਰੇਗਾ, ਪਰ ਮੌਜੂਦਾ ਸਥਿਤੀ ਨੂੰ ਵੇਖਦਿਆਂ ਇਹ ਸਮਝਿਆ ਨਹੀਂ ਜਾਂ ਸਕਦਾ। ਲਾਂਘੇ ਲਈ ਅਜੇ ਵੀ ਬਹੁਤ ਸਾਰੀਆਂ ਗੁੰਜਾਇਸ਼ਾਂ ਹਨ, ਪਰ ਸਭ ਤੋਂ ਵੱਡੀ ਜ਼ਰੂਰਤ ਦੋਵਾਂ ਦੇਸ਼ਾਂ ਵਿੱਚ ਵਿਸ਼ਵਾਸ ਵਧਾਉਣ ਦੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 4 ਮਹੀਨਿਆਂ ਵਿੱਚ 62,939 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਇਸ ਅਸਥਾਨ ਦੇ ਦਰਸ਼ਨ ਕੀਤੇ ਹਨ। ਕੋਰੋਨਾ ਦੇ ਕਾਰਨ ਬੰਦ ਹੋਣ ਤੋਂ ਪਹਿਲਾਂ ਆਖਰੀ ਜੱਥੇ ਵਿੱਚ 1 ਤੋਂ 15 ਮਾਰਚ ਤੱਕ 7641 ਸ਼ਰਧਾਲੂਆਂ ਨੇ ਇੱਥੇ ਦਰਸ਼ਨ ਦੀਦਾਰ ਕੀਤੇ ਸੀ। ਇਸੇ ਮਹੀਨੇ 3 ਨਵੰਬਰ ਨੂੰ ਪਾਕਿਸਤਾਨ ਸਰਕਾਰ ਵੱਲੋਂ ਚੁੱਕੇ ਇੱਕ ਕਦਮ ਕਾਰਨ ਸਿੱਖ ਸੰਗਤ ਬਹੁਤ ਨਾਰਾਜ਼ ਹੋ ਗਈ ਸੀ। ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਬਾਹਰਵਾਰ ਦੇ ਪ੍ਰਬੰਧ ਲਈ ਇੱਕ ਨਵੀਂ ਬਾਡੀ (ਪ੍ਰੋਜੈਕਟ ਮੈਨੇਜਮੈਂਟ ਯੂਨਿਟ) ਬਣਾਈ ਗਈ ਸੀ, ਜਿਸ ਨੇ ਪਾਕਿਸਤਾਨ ਸਰਕਾਰ ਪ੍ਰਤੀ ਕਈ ਸ਼ੰਕੇ ਖੜ੍ਹੇ ਕੀਤੇ ਸਨ। ਹਾਲਾਂਕਿ, ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦੇ ਮੁਖੀ ਸਤਵੰਤ ਸਿੰਘ ਅਤੇ ਪਾਕਿਸਤਾਨ ਏਕਟੂ ਪ੍ਰਾਪਰਟੀ ਟਰੱਸਟ ਨੇ ਕਿਹਾ ਹੈ ਕਿ ਨਵੀਂ ਸੰਸਥਾ ਵਿੱਚ ਸਿਰਫ ਪ੍ਰਬੰਧਨ, ਲੇਖਾਕਾਰੀ ਅਤੇ ਜ਼ਮੀਨੀ ਰੱਖ-ਰਖਾਅ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਧਾਰਮਿਕ ਸਨਮਾਨ ਦਾ ਕੰਮ ਪੀ ਐਸ ਜੀ ਪੀ ਸੀ ਦੁਆਰਾ ਕੀਤਾ ਜਾਵੇਗਾ। ਸਿੱਖ ਸੰਗਤ ਅਤੇ ਭਾਰਤ ਵੱਲੋਂ ਇਤਰਾਜ਼ ਜਤਾਉਣ ਦੇ ਰੋਹ ਤੋਂ ਬਾਅਦ, ਪਾਕਿਸਤਾਨ ਸਰਕਾਰ ਨੇ ਵੀ ਤੁਰੰਤ ਨਵੀਂ ਸੰਸਥਾ ਬਾਰੇ ਜਾਰੀ ਕੀਤੇ ਨੋਟੀਫਿਕੇਸ਼ਨ ਵਿੱਚ ਸੋਧ ਕੀਤੀ ਸੀ।
ਜਾਣੋ ਸ੍ਰੀ ਕਰਤਾਰਪੁਰ ਸਾਹਿਬ ਦੀ ਸਿੱਖਾਂ ਵਿੱਚ ਕੀ ਮਹੱਤਤਾ ਹੈ – ਇਸ ਅਸਥਾਨ ਦਾ ਸੰਬੰਧ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇਥੇ ਖੇਤੀ ਕਰ ਗੁਰੂ ਨਾਨਕ ਦੇਵ ਜੀ ਨੇ “ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ” ਦਾ ਫ਼ਲਸਫ਼ਾ ਦਿੱਤਾ ਸੀ। ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ ‘ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਨੂੰ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ ‘ਚ ਗੁਰੂ ਨਾਨਕ ਦੇਵ ਜੀ ਇਸੇ ਸਥਾਨ ‘ਤੇ ਹੀ ਜੋਤੀ ਜੋਤ ਸਮਾਏ ਸਨ।