Khalsa Aid Founder Tests Covid Positive: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਜਿਸ ਕਾਰਨ ਹਰ ਕੋਈ ਇਸ ਵਾਇਰਸ ਦੀ ਚਪੇਟ ਵਿੱਚ ਆ ਰਿਹਾ ਹੈ। ਹੁਣ ਖਾਲਸਾ ਏਡ ਦੇ ਸੰਸਥਾਪਕ ਰਵਿੰਦਰ ਸਿੰਘ (ਰਵੀ ਸਿੰਘ) ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਖੁਦ ਆਪਣੇ ਟਵਿੱਟਰ ਹੈਂਡਲ ‘ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ । ਉਨ੍ਹਾਂ ਨੇ ਟਵਿੱਟਰ ‘ਤੇ ਟਵੀਟ ਕਰਦਿਆਂ ਲਿਖਿਆ, “ਪਿਆਰੇ ਸਾਥੀਓ, ਪਿਛਲੇ ਬੁੱਧਵਾਰ ਤੋਂ ਮੈਂ ਕਾਫੀ ਤੇਜ਼ ਬੁਖਾਰ ਕਾਰਨ ਬਿਮਾਰ ਹਾਂ। ਮੈਂ ਕਦੇ ਇੰਨਾ ਟੁੱਟਿਆ ਮਹਿਸੂਸ ਨਹੀਂ ਕੀਤਾ। ਮੇਰੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ।
ਉਨਾਂ ਅੱਗੇ ਲਿਖਿਆ ਕਿ ਉਹ ਦਵਾਈ ਲੈ ਰਹੇ ਹਨ ਅਤੇ ਜ਼ਿਆਦਾ ਸਮਾਂ ਆਰਾਮ ਕਰ ਰਹੇ ਹਨ । ਉਨ੍ਹਾਂ ਅੱਗੇ ਲਿਖਿਆ ਮੇਰੇ ਪਰਿਵਾਰ ਦੇ ਕੁਝ ਮੈਂਬਰਾਂ ਦੀ ਵੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।” ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ ਉਨਾਂ ਦੇ ਚਾਹਵਾਨਾਂ ਨੇ ਉਨਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰਦਿਆਂ ਬਹੁਤ ਸਾਰੇ ਰੀ-ਟਵੀਟ ਕੀਤੇ।
ਦੱਸ ਦਈਏ ਕਿ ਖਾਲਸਾ ਏਡ ਇੱਕ ਅੰਤਰਰਾਸ਼ਟਰੀ ਗੈਰ-ਲਾਭਕਾਰੀ ਰਾਹਤ ਸੰਗਠਨ ਹੈ, ਜੋ ਕੁਦਰਤੀ ਆਫਤਾਂ, ਜੰਗੀ ਖੇਤਰਾਂ ਵਿੱਚ ਫਸੇ ਲੋਕਾਂ ਲਈ ਸਭ ਤੋਂ ਅੱਗੇ ਹੋ ਕੇ ਰਾਹਤ ਸਮੱਗਰੀ ਪਹੁੰਚਾਉਂਦਾ ਹੈ ਅਤੇ ਉਨਾਂ ਦੀ ਮਦਦ ਕਰਦਾ ਹੈ।