Kuwait Ruler Emir Sheikh Sabah: ਖਾੜੀ ਦੇ ਤੇਲ-ਅਮੀਰ ਦੇਸ਼ ਕੁਵੈਤ ਦੇ ਅਮੀਰ ਸ਼ੇਖ ਸਬਾਹ ਅਲ ਅਹਿਮਦ ਅਲ ਸਬਾਹ ਦੀ ਦੁਬਈ ਵਿੱਚ ਮੌਤ ਹੋ ਗਈ ਹੈ । ਕੁਵੈਤ ਦੇ ਰਾਸ਼ਟਰੀ ਟੈਲੀਵਿਜ਼ਨ ਚੈਨਲ ਨੇ ਅਮੀਰ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ । ਉਹ 91 ਸਾਲਾਂ ਦੇ ਸੀ। ਸ਼ੇਖ ਸਬਾਹ ਨੇ 2006 ਵਿੱਚ ਕੁਵੈਤ ਦੀ ਸੱਤਾ ਹਾਸਿਲ ਕੀਤੀ ਸੀ। ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਉਨ੍ਹਾਂ ਦੀ ਮੌਤ ‘ਤੇ ਸੋਗ ਜਤਾਇਆ ਹੈ।
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੇਖ ਸਬਾਹ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਰਾਸ਼ਟਰਪਤੀ ਨੇ ਸ਼ੇਖ ਸਬਾਹ ਨੂੰ ਭਾਰਤ ਦਾ ਕਰੀਬੀ ਦੋਸਤ ਦੱਸਦਿਆਂ ਕਿਹਾ ਹੈ ਕਿ ਉਹ ਇੱਕ ਮਹਾਨ ਮਾਨਵਤਾਵਾਦੀ ਨੇਤਾ ਸਨ । ਭਾਰਤ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਮੇਰਾ ਸੋਗ ਸ਼ੇਖ ਸਬਾਹ ਦੇ ਪਰਿਵਾਰ, ਦੋਸਤਾਂ ਅਤੇ ਕੁਵੈਤ ਸਰਕਾਰ ਨਾਲ ਹੈ।
ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੇਖ ਸਬਾਹ ਦੇ ਦਿਹਾਂਤ ‘ਤੇ ਸ਼ੋਕ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਇੱਕ ਪ੍ਰਸਿੱਧ ਨੇਤਾ ਦੱਸਿਆ ਹੈ। ਪੀਐਮ ਮੋਦੀ ਨੇ ਟਵੀਟ ਕਰ ਕਿਹਾ ਹੈ ਕਿ ਅੱਜ ਕੁਵੈਤ ਅਤੇ ਅਰਬ ਨੇ ਇੱਕ ਪ੍ਰਸਿੱਧ ਨੇਤਾ, ਭਾਰਤ ਨੇ ਇੱਕ ਕਰੀਬੀ ਦੋਸਤ ਗੁਆ ਦਿੱਤਾ ਹੈ। ਦੁਨੀਆਂ ਨੇ ਅੱਜ ਇੱਕ ਮਹਾਨ ਸਟੇਟਸਮੈਨ ਨੂੰ ਗਵਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਭਾਰਤ ਨਾਲ ਮਜ਼ਬੂਤ ਦੁਵੱਲੇ ਸਬੰਧਾਂ ਲਈ ਮਹੱਤਵਪੂਰਣ ਭੂਮਿਕਾ ਨਿਭਾਈ ਅਤੇ ਕੁਵੈਤ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਵਿਸ਼ੇਸ਼ ਧਿਆਨ ਰੱਖਿਆ। ਇਸ ਦੁੱਖ ਦੀ ਘੜੀ ਵਿੱਚ ਕੁਵੈਤ ਦੇ ਪਰਿਵਾਰ ਅਤੇ ਨਾਗਰਿਕਾਂ ਪ੍ਰਤੀ ਮੇਰੀ ਹਮਦਰਦੀ।
ਗੌਰਤਲਬ ਹੈ ਕਿ ਸ਼ੇਖ ਸਬਾਹ ਨੇ 29 ਜਨਵਰੀ 2006 ਨੂੰ ਅਮੀਰ ਦੇ ਤੌਰ ‘ਤੇ ਕੁਵੈਤ ਦੇ ਅਹੁਦੇ ਦੀ ਜ਼ਿੰਮੇਵਾਰੀ ਲਈ ਸੀ। ਉਨ੍ਹਾਂ ਤੋਂ ਪਹਿਲਾਂ ਅਮੀਰ ਅਹੁਦੇ ‘ਤੇ ਸ਼ੇਖ ਸਾਦ ਅਲ-ਅਬਦੁੱਲਾ ਅਲ ਸਬਾਹ ਸੀ, ਜਿਨ੍ਹਾਂ ਨੂੰ ਬਿਮਾਰੀ ਕਾਰਨ ਸਿਰਫ ਨੌਂ ਦਿਨਾਂ ਵਿੱਚ ਅਮੀਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ।
ਦੱਸ ਦਈਏ ਕਿ ਸ਼ੇਖ ਸਬਾਹ ਲੰਬੇ ਸਮੇਂ ਤੋਂ ਕੁਵੈਤ ਦੇ ਵਿਦੇਸ਼ ਮੰਤਰੀ ਰਹੇ ਸਨ। ਵਿਦੇਸ਼ ਮੰਤਰੀ ਹੋਣ ਦੇ ਨਾਤੇ ਸ਼ੇਖ ਸਬਾਹ ਨੇ ਸਾਲ 1990 ਦੀ ਖਾੜੀ ਜੰਗ ਤੋਂ ਬਾਅਦ ਖੇਤਰੀ ਸਮੱਸਿਆਵਾਂ ਦੇ ਹੱਲ ਲਈ ਬਹੁਤ ਕੰਮ ਕੀਤਾ ਸੀ। ਆਪਣੀ ਜ਼ਿੰਦਗੀ ਦੇ ਆਖ਼ਰੀ ਦਿਨਾਂ ਤੱਕ ਸ਼ੇਖ ਸਬਾਹ ਨੇ ਕਤਰ ਅਤੇ ਹੋਰ ਅਰਬ ਦੇਸ਼ਾਂ ਦਰਮਿਆਨ ਵਿਵਾਦ ਸੁਲਝਾਉਣ ਦੀ ਕੋਸ਼ਿਸ਼ ਕੀਤੀ।