Lord Vishnu 1300 Year Old Temple: ਇਸਲਾਮਾਬਾਦ: ਉੱਤਰ ਪੱਛਮੀ ਪਾਕਿਸਤਾਨ ਵਿੱਚ ਪਾਕਿਸਤਾਨੀ ਅਤੇ ਇਟਲੀ ਦੇ ਪੁਰਾਤੱਤਵ-ਵਿਗਿਆਨੀਆਂ ਨੇ 1300 ਸਾਲ ਪੁਰਾਣੇ ਇੱਕ ਹਿੰਦੂ ਮੰਦਿਰ ਦੀ ਖੋਜ ਕੀਤੀ ਹੈ। ਇਹ ਮੰਦਿਰ ਸਵਾਤ ਜ਼ਿਲ੍ਹੇ ਦੇ ਇੱਕ ਪਹਾੜ ਵਿੱਚ ਹੈ। ਖੁਦਾਈ ਦੌਰਾਨ ਇਸ ਮੰਦਿਰ ਦਾ ਪਤਾ ਲੱਗਿਆ । ਪਾਕਿਸਤਾਨ ਦੇ ਪੁਰਾਤੱਤਵ ਵਿਭਾਗ ਦੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਮੰਦਿਰ ਭਗਵਾਨ ਵਿਸ਼ਨੂੰ ਦਾ ਹੈ। ਮੰਦਿਰ ਦੇ ਕੋਲ ਪਾਣੀ ਦਾ ਕੁੰਡ ਤੇ ਮੀਨਾਰਾਂ ਵੀ ਮਿਲੀਆਂ ਹਨ।
ਇਸ ਸਬੰਧੀ ਪੁਰਾਤੱਤਵ ਵਿਭਾਗ ਦੇ ਅਧਿਕਾਰੀ ਫਜ਼ਲੇ ਖਲੀਕ ਨੇ ਦੱਸਿਆ ਕਿ ਇਹ ਮੰਦਿਰ 1300 ਸਾਲ ਪਹਿਲਾਂ ਹਿੰਦੂ ਸ਼ਾਹੀ ਸਮੇਂ ਦੌਰਾਨ ਬਣਾਇਆ ਗਿਆ ਸੀ। ਗੌਰਤਲਬ ਹੈ ਕਿ 850 ਅਤੇ 1026 ਈ. ਦੇ ਵਿਚਕਾਰ ਹਿੰਦੂ ਸ਼ਾਹੀ ਇੱਕ ਹਿੰਦੂ ਖ਼ਾਨਦਾਨ ਸੀ ਜਿਸਨੇ ਕਾਬੁਲ ਘਾਟੀ (ਪੂਰਬੀ ਅਫਗਾਨਿਸਤਾਨ), ਗੰਧਾਰ (ਆਧੁਨਿਕ ਪਾਕਿਸਤਾਨ) ਅਤੇ ਵਰਤਮਾਨ ਉੱਤਰ ਪੱਛਮੀ ਭਾਰਤ ਵਿੱਚ ਰਾਜ ਕੀਤਾ ਸੀ । ਪੁਰਾਤੱਤਵ ਵਿਗਿਆਨੀਆਂ ਨੇ ਖੁਦਾਈ ਦੌਰਾਨ ਮੰਦਿਰ ਵਾਲੀ ਜਗ੍ਹਾ ਨੇੜੇ ਛਾਉਣੀ ਤੇ ਪਹਿਰੇ ਲਈ ਮੀਨਾਰਾਂ ਵੀ ਲੱਭੀਆਂ ਹਨ।
ਉੱਥੇ ਹੀ ਪਾਣੀ ਦੇ ਕੁੰਡ ਬਾਰੇ ਪੁਰਾਤੱਤਵ-ਵਿਗਿਆਨੀਆਂ ਦਾ ਕਹਿਣਾ ਹੈ ਕਿ ਮੰਦਿਰ ਵਿੱਚ ਸ਼ਾਇਦ ਕੁੰਡ ਵਿੱਚ ਇਸ਼ਨਾਨ ਕਰਨ ਦੀ ਪ੍ਰਥਾ ਹੋਵੇਗੀ। ਖਲੀਕ ਨੇ ਕਿਹਾ ਕਿ ਇਸ ਖੇਤਰ ਵਿੱਚ ਪਹਿਲੀ ਵਾਰ ਹਿੰਦੂ ਸ਼ਾਹੀ ਦੌਰ ਦੇ ਨਿਸ਼ਾਨ ਮਿਲੇ ਹਨ। ਇਟਲੀ ਦੇ ਪੁਰਾਤੱਤਵ ਮਿਸ਼ਨ ਦੇ ਮੁਖੀ ਡਾ. ਲੂਕਾ ਨੇ ਕਿਹਾ ਕਿ ਸਵਾਤ ਜ਼ਿਲ੍ਹੇ ਵਿੱਚ ਮਿਲਿਆ ਗੰਧਾਰ ਸੱਭਿਅਤਾ ਦਾ ਇਹ ਪਹਿਲਾ ਮੰਦਿਰ ਹੈ। ਸਵਾਤ ਜ਼ਿਲੇ ਵਿੱਚ ਬੁੱਧ ਧਰਮ ਦੇ ਬਹੁਤ ਸਾਰੇ ਪੂਜਾ ਸਥਾਨ ਵੀ ਸਥਿਤ ਹਨ।
ਇਹ ਵੀ ਦੇਖੋ: ”ਸਰਪੰਚਾਂ ਨੂੰ ਪੈਸੇ ਖਾਣ ਵਾਲੇ ਬੰਦੇ ਹੀ ਨਾ ਸਮਝੋ”, ਸੁਣੋ ਇਸ ਨੌਜਵਾਨ ਸਰਪੰਚ ਦੀਆਂ ਖਰੀਆਂ ਗੱਲਾਂ