Malaysia detects new coronavirus strain: ਮਲੇਸ਼ੀਆ ਵਿੱਚ ਇੱਕ ਨਵੀਂ ਕਿਸਮ ਦੇ ਕੋਰੋਨਾ ਵਾਇਰਸ ਦਾ ਪਤਾ ਲੱਗਿਆ ਹੈ । ਮਾਹਰਾਂ ਦਾ ਕਹਿਣਾ ਹੈ ਕਿ ਇਹ ਵਾਇਰਸ ਆਮ ਨਾਲੋਂ 10 ਗੁਣਾ ਵਧੇਰੇ ਛੂਤ ਵਾਲਾ ਹੈ। ਮੰਨਿਆ ਜਾਂਦਾ ਹੈ ਕਿ ਵਾਇਰਸ ਚੀਨ ਦੇ ਵੁਹਾਨ ਵਿੱਚ ਪਾਈਆਂ ਜਾਣ ਵਾਲੀਆਂ ਸਭ ਤੋਂ ਖਤਰਨਾਕ ਕਿਸਮਾਂ ਦੇ ਕੋਵਿਡ ਨਾਲੋਂ ਵੀ ਜ਼ਿਆਦਾ ਜਾਨਲੇਵਾ ਹੈ । ਰਿਪੋਰਟਾਂ ਅਨੁਸਾਰ ਇਹ ਵਾਇਰਸ ਸਭ ਤੋਂ ਪਹਿਲਾਂ ਇੱਕ ਭਾਰਤੀ ਮੂਲ ਦੇ ਇੱਕ ਰੈਸਟੋਰੈਂਟ ਦੇ ਮਾਲਕ ਵਿੱਚ ਪਾਇਆ ਗਿਆ, ਜਿਸਨੂੰ ਮਲੇਸ਼ੀਆ ਦੀ ਸਰਕਾਰ ਨੇ ਘਰੇਲੂ ਕੁਆਰੰਟੀਨ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਪੰਜ ਮਹੀਨੇ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ ।
ਦਰਅਸਲ, ਮੈਡੀਕਲ ਰਿਸਰਚ ਦੇ ਇੰਸਟੀਚਿਊਟ (IMR) ਨੇ ਸਿਵਾਗੰਗਾ ਕਲਸਟਰ ਮਲੇਸ਼ੀਆ ਵਿੱਚ D614G ਕਿਸਮ ਦੇ ਵਾਇਰਸ ਦਾ ਪਤਾ ਲਗਾਇਆ ਹੈ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਉੱਥੋਂ ਦੇ ਡਾਇਰੈਕਟਰ ਜਨਰਲ ਡਾ.ਨੂਰ ਹਿਸ਼ਾਮ ਅਬਦੁੱਲਾ ਨੇ ਸੋਸ਼ਲ ਮੀਡੀਆ ‘ਤੇ ਇਸ ਦੀ ਜਾਣਕਾਰੀ ਦਿੱਤੀ ਹੈ । ਉਨ੍ਹਾਂ ਕਿਹਾ ਕਿ D614G ਮਿਊਟੇਸ਼ਨ ਦਾ ਪਤਾ ਜੁਲਾਈ ਵਿੱਚ ਲੱਗਿਆ ਸੀ। ਇਹ ਇੰਨਾ ਖ਼ਤਰਨਾਕ ਹੈ ਕਿ ਵਿਸ਼ਵ-ਵਿਆਪੀ ਵੈਕਸੀਨ ‘ਤੇ ਚੱਲ ਰਹੀ ਖੋਜ ਨਾਕਾਫ਼ੀ ਹੋ ਸਕਦੀ ਹੈ। ਕਈ ਅਧਿਐਨਾਂ ਵਿੱਚ ਕਿਹਾ ਗਿਆ ਹੈ ਕਿ ਕੋਈ ਵੀ ਮੌਜੂਦਾ ਟੀਕਾ ਵਾਇਰਸ ਦੇ ਇਸ ਰੂਪ ‘ਤੇ ਪ੍ਰਭਾਵਸ਼ਾਲੀ ਨਹੀਂ ਹੈ।
ਦਰਅਸਲ, D614G ਨੂੰ ਕੋਰੋਨਾ ਵਾਇਰਸ ਦੇ ‘G’ ਮਿਊਟੇਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ। ਪਹਿਲੀ ਵਾਰ ਜਨਵਰੀ ਵਿੱਚ ਇਸ ਸਟ੍ਰੇਨ ਬਾਰੇ ਪਤਾ ਲੱਗਿਆ ਸੀ। ਜਿਸ ਤੋਂ ਬਾਅਦ ਇਹ ਮਾਹਰਾਂ ਦੀ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਇਹ ਮੂਲ ‘L’ ਅਤੇ ‘S’ ਰੂਪਾਂ ਨੂੰ ਵੀ ਜਨਮ ਦੇ ਰਿਹਾ ਹੈ। ਮਾਹਰਾਂ ਦੇ ਅਨੁਸਾਰ ਇਹ ਸਾਹ ਦੀ ਨਲੀ ਵਿੱਚ ਵਧੇਰੇ ਵਾਇਰਲ ਅਤੇ ਛੂਤ ਵਾਲੀਆਂ ਕਾਪੀਆਂ ਪੈਦਾ ਕਰਦਾ ਹੈ ਅਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਖਤਰਨਾਕ ਢੰਗ ਨਾਲ ਫੈਲ ਸਕਦਾ ਹੈ। D614G ਨੂੰ ਇਸ ਵਾਇਰਸ ਦਾ ਸੁਪਰ ਸਪ੍ਰੇਡਰ ਵੀ ਕਿਹਾ ਜਾ ਸਕਦਾ ਹੈ। ਇੱਕ ਰਿਪੋਰਟ ਅਨੁਸਾਰ ਇਹ ਦੂਜੇ ਵਿਅਕਤੀਆਂ ਵਿੱਚ 10 ਗੁਣਾ ਵਧੇਰੇ ਤੇਜ਼ੀ ਨਾਲ ਸੰਕਰਮਣ ਦੀ ਸਮਰੱਥਾ ਰੱਖਦਾ ਹੈ। ਮਾਹਰ ਕਹਿੰਦੇ ਹਨ ਕਿ ਇਹ ਜਨਤਕ ਸਿਹਤ ਦੇ ਉਪਾਵਾਂ ਅਤੇ ਚੱਲ ਰਹੇ ਯਤਨਾਂ ਦੁਆਰਾ ਨਿਯੰਤਰਣ ਵਿੱਚ ਹੈ, ਪਰ ਇਕ ਵਾਰ ਜੇਕਰ ਵਾਇਰਸ ਦਾ ਪ੍ਰਸਾਰ ਵਿਸਫੋਟਕ ਢੰਗ ਨਾਲ ਫੈਲ ਗਿਆ ਤਾਂ ਇਸ ਨੂੰ ਕਾਬੂ ਕਰਨਾ ਬਹੁਤ ਮੁਸ਼ਕਿਲ ਹੋ ਸਕਦਾ ਹੈ।
ਇਸ ਸਬੰਧੀ ਮਲੇਸ਼ੀਆ ਦੇ ਸਿਹਤ ਵਿਭਾਗ ਦੇ ਡਾਇਰੈਕਟਰ ਜਨਰਲ ਨੇ ਅਪੀਲ ਕੀਤੀ ਹੈ ਕਿ ਜਨਤਾ ਨੂੰ ਚੌਕਸ ਰਹਿਣਾ ਚਾਹੀਦਾ ਹੈ ਅਤੇ ਮਾਸਕ, ਸਮਾਜਿਕ ਦੂਰੀ, ਸਫਾਈ ਵਰਗੀਆਂ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਕਾਰਨ ਹੈ ਕਿ ਮਲੇਸ਼ੀਆ ਵਿੱਚ ਪਾਏ ਗਏ ਕੋਰੋਨਾ ਦੇ D614G ਮਿਊਟੇਸ਼ਨ ਨੂੰ ਇੱਕ ਆਮ ਵਾਇਰਸ ਨਹੀਂ ਕਿਹਾ ਜਾ ਸਕਦਾ। ਇਹ ਜਾਣਿਆ ਜਾਂਦਾ ਹੈ ਕਿ ਮਲੇਸ਼ੀਆ ਹੋਰ ਦੇਸ਼ਾਂ ਦੇ ਮੁਕਾਬਲੇ ਬਹੁਤ ਹੱਦ ਤਕ ਵਾਇਰਸ ਨੂੰ ਕਾਬੂ ਕਰਨ ਵਿੱਚ ਸਫਲ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਕੋਰੋਨਾ ਦੇ D614G ਨਾਮ ਦੇ ਮਿਊਟੇਟ ਵਾਇਰਸ ਦੇ ਤਿੰਨ ਮਾਮਲੇ ਸਾਹਮਣੇ ਆਏ ਹਨ। 45 ਲੋਕਾਂ ਦੀ ਜਾਂਚ ਵਿੱਚ ਇਹ ਨਵੇਂ ਕੇਸ ਸਾਹਮਣੇ ਆਏ ਹਨ। ਇਸ ਵਿੱਚ ਇੱਕ ਰੈਸਟੋਰੈਂਟ ਮਾਲਕ ਵੀ ਸ਼ਾਮਿਲ ਹੈ, ਜੋ ਭਾਰਤ ਤੋਂ ਮਲੇਸ਼ੀਆ ਵਾਪਸ ਆਇਆ ਸੀ। ਉਸ ਨੂੰ 14 ਦਿਨਾਂ ਦੇ ਜ਼ਰੂਰੀ ਹੋਮ ਕੁਆਰੰਟੀਨ ਦੇ ਵੱਖ-ਵੱਖ ਨਿਯਮਾਂ ਦੀ ਉਲੰਘਣਾ ਕਰਨ ‘ਤੇ ਪੰਜ ਮਹੀਨੇ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ । ਦੱਸਿਆ ਜਾ ਰਿਹਾ ਹੈ ਕਿ ਫਿਲਪੀਨਜ਼ ਤੋਂ ਵਾਪਸ ਪਰਤ ਰਹੇ ਲੋਕਾਂ ਵਿੱਚ ਵੀ ਇਸ ਨਵੇਂ ਮਿਊਟੇਟ ਵਾਇਰਸ ਦਾ ਮਾਮਲਾ ਸਾਹਮਣੇ ਆਇਆ ਹੈ।