mali president ibrahim boubacar keita resigns: ਮਾਲੀ ਦੇ ਰਾਸ਼ਟਰਪਤੀ ਇਬਰਾਹਿਮ ਬੌਬਕਰ ਨੇ ਮੰਗਲਵਾਰ ਨੂੰ ਫ਼ੌਜ ਰਾਹੀਂ ਨਜ਼ਰਬੰਦ ਕੀਤੇ ਜਾਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ ਅਤੇ ਸੰਸਦ ਵੀ ਭੰਗ ਕਰ ਦਿੱਤੀ ਗਈ ਹੈ। ਦਰਅਸਲ, ਮਾਲੀ ਪਹਿਲਾਂ ਹੀ ਜੇਹਾਦੀ ਬਗਾਵਤ ਦਾ ਸਾਹਮਣਾ ਕਰ ਰਿਹਾ ਹੈ ਅਤੇ ਵੱਡੇ ਪੱਧਰ ‘ਤੇ ਇੱਥੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਮਿਲੀ ਜਾਣਕਾਰੀ ਦੇ ਅਨੁਸਾਰ, ਸਰਕਾਰੀ ਟੈਲੀਵਿਜ਼ਨ ‘ਤੇ ਪ੍ਰਸਾਰਿਤ ਸੰਖੇਪ ਸੰਬੋਧਨ ਵਿੱਚ ਰਾਸ਼ਟਰਪਤੀ ਕੀਟਾ ਨੇ ਅਸਤੀਫਾ ਦੇ ਦਿੱਤਾ ਹੈ। ਇਸ ਸਮੇਂ ਦੌਰਾਨ ਕੀਟਾ ਥੱਕੇ ਹੋਏ ਦਿਖਾਈ ਦੇ ਰਹੇ ਸੀ ਅਤੇ ਉਨ੍ਹਾਂ ਨੇ ਸਰਜੀਕਲ ਮਾਸਕ ਵੀ ਪਾਇਆ ਹੋਇਆ ਸੀ। ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਵਿਦਰੋਹ ਦੀ ਅਗਵਾਈ ਕੌਣ ਕਰ ਰਿਹਾ ਸੀ ਅਤੇ ਹੁਣ ਰਾਸ਼ਟਰਪਤੀ ਦੀ ਗੈਰ ਹਾਜ਼ਰੀ ਵਿੱਚ ਕੌਣ ਰਾਜ ਕਰੇਗਾ ਜਾਂ ਵਿਦਰੋਹੀ ਕੀ ਚਾਹੁੰਦੇ ਹਨ। ਤੁਹਾਨੂੰ ਦੱਸ ਦੇਈਏ ਕਿ ਮਾਲੀ ਕਿਸੇ ਸਮੇਂ ਫਰਾਂਸ ਦੀ ਕਲੋਨੀ ਰਹੀ ਸੀ। ਸਾਲ 2012 ‘ਚ ਵੀ ਮਾਲੀ ਵਿੱਚ ਇੱਕ ਤਖਤਾ ਪਲਟਿਆ ਸੀ। ਇਸ ਸਮੇਂ ਮਾਲੀ ਦੀ ਸਥਿਤੀ ਤਣਾਅਪੂਰਨ ਹੈ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਸੜਕਾਂ ‘ਤੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ ਮਾਲੀ ‘ਚ ਮੰਗਲਵਾਰ ਨੂੰ ਹੀ ਫੌਜੀ ਤਖਤਾਪਲਟ ਦੇ ਆਸਾਰ ਵੱਧ ਗਏ ਸਨ। ਬਾਗੀ ਸੈਨਿਕਾਂ ਨੇ ਰਾਜਧਾਨੀ ਬਾਮਾਕੋ ‘ਚ ਕਈਂ ਸੀਨੀਅਰ ਅਧਿਕਾਰੀਆਂ ਅਤੇ ਸੁਰੱਖਿਆ ਕਰਮੀਆਂ ਨੂੰ ਬੰਧਕ ਬਣਾ ਲਿਆ ਸੀ ਅਤੇ ਆਪਣੇ ਟਿਕਾਣੇ ਉੱਤੇ ਲੈ ਗਏ ਸਨ। ਇਸ ਤੋਂ ਬਾਅਦ ਬਾਗੀ ਫੌਜੀਆਂ ਨੇ ਰਾਸ਼ਟਰਪਤੀ ਭਵਨ ਦਾ ਘਿਰਾਓ ਕੀਤਾ ਅਤੇ ਫਿਰ ਰਾਸ਼ਟਰਪਤੀ ਨੂੰ ਬੰਦੂਕ ਦੀ ਨੌਕ ਉੱਤੇ ਹਿਰਾਸਤ ‘ਚ ਲੈ ਲਿਆ ਨਾਲ ਹੀ ਪ੍ਰਧਾਨ ਮੰਤਰੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਉੱਥੇ ਹੀ ਰਾਸ਼ਟਰਪਤੀ ਕੀਤਾ ਨੇ ਦਬਾਅ ਹੇਠ ਮਜ਼ਬੂਰਨ ਆਪਣੇ ਦੇਸ਼ ਦੇ ਸਰਕਾਰੀ ਟੈਲੀਵਿਜ਼ਨ ਉੱਤੇ ਐਲਾਨ ਕੀਤਾ ਕਿ ਉਨ੍ਹਾਂ ਦਾ ਅਸਤੀਫਾ ਤਤਕਾਲ ਪ੍ਰਭਾਅ ਨਾਲ ਲਾਗੂ ਹੁੰਦਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਸੈਨਿਕ ਰਾਜਧਾਨੀ ਦੇ ਚੱਪੇ-ਚੱਪੇ ਵਿਚ ਘੁੰਮਦੇ ਨਜ਼ਰ ਆ ਰਹੇ ਹਨ ਜਿਸ ਨਾਲ ਇਹ ਸਪੱਸ਼ਟ ਹੋ ਗਿਆ ਹੈ ਕਿ ਉਨ੍ਹਾਂ ਨੇ ਰਾਜਧਾਨੀ ਉੱਤੇ ਆਪਣਾ ਕਬਜ਼ਾ ਕਰ ਲਿਆ ਹੈ।