ਭਾਰਤੀ ਮੂਲ ਦੇ ਜਸਟਿਨ ਨਾਰਾਇਣ ‘MasterChef Australia’ ਸੀਜ਼ਨ 13 ਦੇ ਜੇਤੂ ਬਣ ਗਏ ਹਨ। ਜਸਟਿਨ MasterChef Australia ਜਿੱਤਣ ਵਾਲੇ ਭਾਰਤੀ ਮੂਲ ਦੇ ਦੂਜੇ ਵਿਅਕਤੀ ਬਣ ਗਏ ਹਨ ।
ਇਸ ਮੁਕਾਬਲੇ ਦਾ ਜੇਤੂ ਬਣਨ ਤੋਂ ਬਾਅਦ ਨਰਾਇਣ ਨੂੰ 2.5 ਲੱਖ ਡਾਲਰ ਯਾਨੀ ਕਿ ਲਗਭਗ 1.8 ਕਰੋੜ ਰੁਪਏ ਮਿਲੇ ਹਨ । ਇਸ ਤੋਂ ਪਹਿਲਾਂ ਸਾਲ 2018 ਵਿੱਚ ਸ਼ਸ਼ੀ ਚੇਲਿਆ ਨੇ ਇਸ ਰਿਐਲਿਟੀ ਸ਼ੋਅ ਦਾ ਖਿਤਾਬ ਜਿੱਤਿਆ ਸੀ।
ਦਰਅਸਲ, ਇਸ ਸ਼ੋਅ ਦੇ ਵਿਜੇਤਾ ਬਣਨ ‘ਤੇ ਨਾਰਾਇਣ ਨੂੰ ਸੋਸ਼ਲ ਮੀਡੀਆ ਰਾਹੀਂ ਵੀ ਭਾਰਤ ਤੋਂ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ । ਉਨ੍ਹਾਂ ਨੂੰ ਟਵਿੱਟਰ ‘ਤੇ ਇੰਨੀਆਂ ਵਧਾਈਆਂ ਮਿਲੀਆਂ ਹਨ ਕਿ ਉਹ ਟਰੈਂਡਿੰਗ ਵਿੱਚ ਰਹੇ । ਜਸਟਿਨ ਨਾਰਾਇਣ ਪੱਛਮੀ ਆਸਟ੍ਰੇਲੀਆ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਉਮਰ ਸਿਰਫ 27 ਸਾਲ ਹੈ।
ਇਸ ਤੋਂ ਇਲਾਵਾ MasterChef Australia ਵੱਲੋਂ ਵੀ ਆਪਣੇ ਅਧਿਕਾਰਕ ਇੰਸਟਾਗ੍ਰਾਮ ਪੇਜ ‘ਤੇ ਜਸਟਿਨ ਨਰਾਇਣ ਦੀ ਫੋਟੋ ਨੂੰ ਟਰਾਫੀ ਦੇ ਨਾਲ ਸਾਂਝਾ ਕੀਤਾ ਗਿਆ ਹੈ। ਫੋਟੋ ਸਾਂਝੀ ਕਰਦਿਆਂ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ- ਸਾਡੇ #MasterChefAU2021 ਦੇ ਜੇਤੂ ਨੂੰ ਵਧਾਈ।
ਇਸ ਪੋਸਟ ਨੂੰ ਲੋਕ ਵੀ ਵਧੇਰੇ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਜਸਟਿਨ ਨਾਰਾਇਣ ਬਚਪਨ ਤੋਂ ਹੀ ਖਾਣਾ ਬਣਾਉਣ ਦੇ ਸ਼ੌਕੀਨ ਹਨ । ਉਨ੍ਹਾਂ ਨੇ ਸਿਰਫ 13 ਸਾਲ ਦੀ ਉਮਰ ਵਿੱਚ ਖਾਣਾ ਪਕਾਉਣਾ ਸ਼ੁਰੂ ਕਰ ਦਿੱਤਾ ਸੀ।