ਅਮਰੀਕਾ ਵਿੱਚ ਹੋਣ ਵਾਲੀਆਂ ਗੋਲੀਬਾਰੀ ਦੀਆਂ ਘਟਨਾਵਾਂ ਦਾ ਅਸਰ ਹੁਣ ਉਸਦੇ ਨਾਲ ਲੱਗਦੇ ਦੇਸ਼ਾਂ ਵਿੱਚ ਵੀ ਨਜ਼ਰ ਆਉਣ ਲੱਗਿਆ ਹੈ। ਵੀਰਵਾਰ ਨੂੰ ਅਮਰੀਕਾ ਦੇ ਗੁਆਂਢੀ ਦੇਸ਼ ਵਿੱਚ ਸ਼ਰੇਆਮ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਬੰਦੂਕਧਾਰੀਆਂ ਨੇ ਮੈਕਸੀਕੋ ਸਿਟੀ ਹਾਲ ਵਿੱਚ ਤਾਬੜਤੋੜ ਫਾਇਰਿੰਗ ਕੀਤੀ, ਜਿਸ ਵਿੱਚ ਮੇਅਰ ਸਣੇ 18 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੀ ਵੱਧ ਸਕਦੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਗੋਲੀਬਾਰੀ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਵਿਦੇਸ਼ੀ ਮੀਡੀਆ ਰਿਪੋਰਟਾਂ ਮੁਤਾਬਕ ਵੀਰਵਾਰ ਸਵੇਰੇ ਮੈਕਸੀਕਨ ਸਿਟੀ ਹਾਲ ਵਿੱਚ ਇੱਕ ਸਮਾਗਮ ਦਾ ਆਯੋਜਨ ਹੋ ਰਿਹਾ ਸੀ। ਇਸ ਸਮਾਗਮ ਵਿੱਚ ਅਚਾਨਕ ਇੱਕ ਅਣਪਛਾਤੇ ਵਿਅਕਤੀ ਨੇ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ । ਗੋਲੀਬਾਰੀ ਵਿੱਚ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਮਰਨ ਵਾਲਿਆਂ ਵਿੱਚ ਉਥੋਂ ਦੇ ਮੇਅਰ ਤੋਂ ਇਲਾਵਾ ਉਨ੍ਹਾਂ ਦੇ ਪਿਤਾ, ਸਾਬਕਾ ਮੇਅਰ ਅਤੇ ਮਿਊਂਸੀਪਲ ਪੁਲਿਸ ਦੇ ਕਈ ਅਧਿਕਾਰੀ ਸ਼ਾਮਿਲ ਹਨ । ਇਸ ਦੇ ਨਾਲ ਹੀ ਸਮੂਹਿਕ ਗੋਲੀਬਾਰੀ ਦੀ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: ਮਾਨ ਸਰਕਾਰ ਦੀ ਵੱਡੀ ਪ੍ਰਾਪਤੀ, ਪਹਿਲੀ ਵਾਰ 6 ਮਹੀਨੇ ‘ਚ GST ਕੁਲੈਕਸ਼ਨ 10,000 ਕਰੋੜ ਤੋਂ ਪਾਰ
ਇਸ ਗੋਲੀਬਾਰੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਦੋ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ। ਪਹਿਲੀ ਫੋਟੋ ਵਿੱਚ ਕੰਧ ‘ਤੇ ਸਿਰਫ ਗੋਲੀਆਂ ਦੇ ਨਿਸ਼ਾਨ ਨਜ਼ਰ ਆ ਰਹੇ ਹਨ। ਬੰਦੂਕਧਾਰਿਆਂ ਨੇ ਕੰਧ ‘ਤੇ ਹੀ ਕਰੀਬ 30-35 ਰਾਉਂਡ ਫਾਇਰ ਕੀਤੇ ਹਨ । ਇਸ ਦੇ ਨਾਲ ਹੀ ਹਮਲੇ ਦੀ ਦੂਜੀ ਫੋਟੋ ਵਿੱਚ ਦੋਸ਼ੀ ਵਿਅਕਤੀ ਨਜ਼ਰ ਆ ਰਿਹਾ ਹੈ, ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।
ਦੱਸ ਦੇਈਏ ਕਿ ਅਮਰੀਕੀ ਸਰਕਾਰ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਸਭ ਤੋਂ ਜ਼ਿਆਦਾ ਪ੍ਰੇਸ਼ਾਨ ਹੈ । ਇੱਥੇ ਕੋਈ ਮਹੀਨਾ ਨਹੀਂ ਬੀਤਦਾ ਜਿਸ ਦੌਰਾਨ ਗੋਲੀਬਾਰੀ ਦੀ ਕੋਈ ਘਟਨਾ ਸਾਹਮਣੇ ਨਾ ਆਈ ਹੋਵੇ । ਹਾਲ ਹੀ ਵਿੱਚ 3 ਅਕਤੂਬਰ ਨੂੰ ਨਿਊਯਾਰਕ ਦੇ ਬ੍ਰੌਂਕਸ ਸਟਰੀਟ ਵਿੱਚ ਰਾਤ 11 ਵਜੇ ਦੇ ਕਰੀਬ ਗੋਲੀਬਾਰੀ ਹੋਈ ਸੀ। ਇਸ ਵਿੱਚ ਇੱਕ 15 ਸਾਲਾ ਵਿਦਿਆਰਥੀ ਜ਼ਖ਼ਮੀ ਹੋ ਗਿਆ ਸੀ । ਇਸ ਸਾਲ ਦੇ ਸ਼ੁਰੂ ਵਿਚ ਅਮਰੀਕਾ ਵਿਚ ਗੋਲੀਬਾਰੀ ਦੀਆਂ ਕਈ ਵੱਡੀਆਂ ਘਟਨਾਵਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿਚ ਕਈ ਲੋਕ ਮਾਰੇ ਜਾ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: