ਦੱਖਣੀ ਮੈਕਸੀਕੋ ਵਿੱਚ ਵੀਰਵਾਰ ਦੇਰ ਰਾਤ ਇੱਕ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਇੱਕ ਬੇਕਾਬੂ ਟਰਾਲਾ ਪਲਟਨ ਕਾਰਨ 53 ਲੋਕਾਂ ਦੀ ਮੌਤ ਹੋ ਗਈ ਹੈ ਤੇ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਸ ਹਾਦਸੇ ਵਿੱਚ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਜਾ ਰਿਹਾ ਹੈ । ਇਹ ਦਰਦਨਾਕ ਹਾਦਸਾ ਸੂਬੇ ਦੀ ਰਾਜਧਾਨੀ ਚਿਆਪਾਸ ਨੂੰ ਜਾਣ ਵਾਲੀ ਸੜਕ ‘ਤੇ ਵਾਪਰਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਜਿਵੇਂ ਹੀ ਪ੍ਰਵਾਸੀਆਂ ਨਾਲ ਭਰਿਆ ਇਹ ਟਰਾਲਾ ਪੁਲ ‘ਤੇ ਪਹੁੰਚਿਆ ਤਾਂ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ । ਜਿਸ ਕਾਰਨ ਉਹ ਚਿਆਪਾਸ ਰਾਜ ਦੀ ਰਾਜਧਾਨੀ ਟਕਸਟਲਾ ਗੁਟੇਰੇਜ਼ ਨੇੜੇ ਇੱਕ ਹਾਈਵੇਅ ‘ਤੇ ਪਲਟ ਗਿਆ । ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
ਇਸ ਸਬੰਧੀ ਚਿਆਪਾਸ ਰਾਜ ਦੇ ਸਿਵਲ ਡਿਫੈਂਸ ਦਫਤਰ ਦੇ ਮੁਖੀ ਲੁਈਸ ਮੈਨੁਅਲ ਮੋਰੇਨੋ ਨੇ ਦੱਸਿਆ ਕਿ ਇਸ ਵਿੱਚ ਮਰਨ ਵਾਲੇ ਤੇ ਜ਼ਖਮੀ ਹੋਣ ਵਾਲੇ ਜ਼ਿਆਦਾਤਰ ਲੋਕ ਮੱਧ ਅਮਰੀਕਾ ਦੇ ਪ੍ਰਵਾਸੀ ਸਨ, ਹਾਲਾਂਕਿ ਉਨ੍ਹਾਂ ਦੀ ਨਾਗਰਿਕਤਾ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ ।
ਇਸ ਤੋਂ ਅੱਗੇ ਮੋਰੇਨੋ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਟਰਾਲਾ ਪ੍ਰਵਾਸੀਆਂ ਦੇ ਭਾਰ ਕਾਰਨ ਪਲਟ ਗਿਆ। ਗੌਰਤਲਬ ਹੈ ਕਿ ਹਾਲ ਹੀ ਵਿੱਚ ਮੈਕਸੀਕਨ ਅਧਿਕਾਰੀਆਂ ਨੇ ਪ੍ਰਵਾਸੀਆਂ ਨੂੰ ਅਮਰੀਕੀ ਸਰਹੱਦ ਵੱਲ ਵੱਡੇ ਸਮੂਹਾਂ ਵਿੱਚ ਜਾਣ ਤੋਂ ਰੋਕਿਆ ਸੀ, ਪਰ ਪ੍ਰਵਾਸੀਆਂ ਦੀ ਤਸਕਰੀ ਦਾ ਗੁਪਤ ਅਤੇ ਗੈਰ-ਕਾਨੂੰਨੀ ਪ੍ਰਵਾਹ ਜਾਰੀ ਹੈ। ਇਸ ਘਟਨਾ ਸਬੰਧੀ ਰੈਸਕਿਊ ਟੀਮ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਹੁਣ ਤੱਕ ਕਈ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਚਾਣ ਹੋਣ ਅਤੇ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਮ੍ਰਿਤਕ ਦੇਹਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: