ਮਿਆਂਮਾਰ ਦੇ ਦੂਜੇ ਵੱਡੇ ਸ਼ਹਿਰ ਮਾਂਡਲੇ ਨੇੜੇ ਵੀਰਵਾਰ ਯਾਨੀ ਕਿ ਅੱਜ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ । ਇਸ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ।
ਰਿਪੋਰਟ ਅਨੁਸਾਰ ਮ੍ਰਿਤਕਾਂ ਵਿਚ ਸੀਨੀਅਰ ਮਿਲਟਰੀ ਅਧਿਕਾਰੀ ਵੀ ਸ਼ਾਮਿਲ ਸਨ। ਸ਼ਹਿਰ ਦੇ ਦਮਕਲ ਵਿਭਾਗ ਨੇ ਇਸ ਦੀ ਜਾਣਕਾਰੀ ਦਿੱਤੀ । ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ ਹਨ ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਮਾਂਡਲੇ ਖੇਤਰ ਦੇ ਪਾਇਨ ਊ ਲਵਿਨ ਵਿੱਚ ਇੱਕ ਬਿਜਲੀ ਅਤੇ ਇਸਪਾਤ ਪਲਾਂਟ ਵਿਚਕਾਰ 16 ਸੀਟਾਂ ਵਾਲਾ ਜਹਾਜ਼ ਕ੍ਰੈਸ਼ ਹੋਇਆ ਹੈ । ਇਸ ਘਟਨਾ ਸਬੰਧੀ ਇੱਕ ਸਥਾਨਕ ਵਿਅਕਤੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਜ਼ਮੀਨ ‘ਤੇ ਵੀ 8 ਲੋਕ ਜ਼ਖਮੀ ਹੋਏ ਹਨ ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਜਹਾਜ਼ ਹਾਦਸੇ ਵਿੱਚ ਕਈ ਸੀਨੀਅਰ ਮਿਲਟਰੀ ਅਧਿਕਾਰੀਆਂ ਦੀ ਮੌਤ ਹੋਈ ਹੈ ਜੋ ਹਾਦਸੇ ਸਮੇਂ ਜਹਾਜ਼ ਵਿੱਚ ਸਵਾਰ ਸਨ । ਫਿਲਹਾਲ ਰਾਹਤ ਅਤੇ ਬਚਾਅ ਕੰਮ ਜਾਰੀ ਹੈ।
ਇਹ ਵੀ ਪੜ੍ਹੋ: ਭਾਰਤ ਦੇ ਸਾਬਕਾ ਮੁੱਕੇਬਾਜ਼ ਡਿੰਗਕੋ ਸਿੰਘ ਦਾ ਦਿਹਾਂਤ, ਖੇਡ ਮੰਤਰੀ ਨੇ ਜਤਾਇਆ ਦੁੱਖ
ਮੀਡੀਆ ਰਿਪੋਰਟਾਂ ਅਨੁਸਾਰ ਰਾਜ ਪ੍ਰਸ਼ਾਸਨ ਪਰੀਸ਼ਦ ਦੇ ਸੂਚਨਾ ਦਲ ਦੇ ਮੇਜਰ ਜਨਰਲ ਜ਼ੌਅ ਮਿਨ ਟੁਨ ਨੇ ਦੱਸਿਆ ਕਿ ਇਸ ਜਹਾਜ਼ ਵਿੱਚ 16 ਲੋਕ ਸਵਾਰ ਸਨ। ਰਾਜਧਾਨੀ ਸ਼ਹਿਰ ਨੇ ਪਾਏ ਤਾਵ ਤੋਂ ਪਾਇਨ ਊ ਲਵਿਨ ਜਾ ਰਿਹਾ ਮਿਲਟਰੀ ਜਹਾਜ਼ ਕਰੀਬ 8 ਵਜੇ ਮਾਂਡਲੇ ਖੇਤਰ ਦੇ ਪਾਇਨ ਊ ਲਵਿਨ ਵਿੱਚ ਹਾਦਸਾਗ੍ਰਸਤ ਹੋ ਗਿਆ ।
ਇਸ ਬਾਰੇ ਮੇਜਰ ਨੇ ਦੱਸਿਆ ਕਿ ਹਾਲੇ ਤੱਕ ਜ਼ਖਮੀ ਹੋਏ ਲੋਕਾਂ ਦੀ ਸਹੀ ਗਿਣਤੀ ਦੀ ਜਾਣਕਾਰੀ ਨਹੀਂ ਮਿਲ ਪਾਈ ਹੈ, ਪਰ ਮਾਂਡਲੇ ਦੇ ਦਮਕਲ ਵਿਭਾਗ ਨੇ ਦੱਸਿਆ ਹੈ ਕਿ ਇਸ ਹਾਦਸੇ ਵਿੱਚ 12 ਲੋਕਾਂ ਦੀ ਜਾਨ ਗਈ ਹੈ । ਜ਼ਖਮੀ ਲੋਕਾਂ ਨੂੰ ਇਲਾਜ ਲਈ ਮਿਲਟਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।