ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਕੁਝ ਦੇਸ਼ਾਂ ਵਿੱਚ ਮੌਂਕੀਪੌਕਸ ਦਾ ਪ੍ਰਕੋਪ ਫੈਲਣਾ ਸ਼ੁਰੂ ਹੋ ਗਿਆ ਹੈ। ਇਸੇ ਵਿਚਾਲੇ WHO ਨੇ ਚਿਤਾਵਨੀ ਦਿੱਤੀ ਹੈ ਕਿ ਇਸ ਲਾਇਲਾਜ ਤੇ ਜਾਨਲੇਵਾ ਮੌਂਕੀਪੌਕਸ ਦੇ ਮਾਮਲੇ ਤੇਜ਼ੀ ਨਾਲ ਵੱਧ ਸਕਦੇ ਹਨ। ਸੰਗਠਨ ਨੇ ਕਿਹਾ ਹੈ ਕਿ ਇਹ ਬਿਮਾਰੀ ਉਨ੍ਹਾਂ ਦੇਸ਼ਾਂ ਵਿੱਚ ਵੀ ਫੈਲ ਰਹੀ ਹੈ, ਜਿੱਥੇ ਉਮੀਦ ਨਹੀਂ ਕੀਤੀ ਜਾ ਰਹੀ ਸੀ। WHO ਨੇ ਕਿਹਾ ਕਿ ਕੋਰੋਨਾ ਤੇ ਮੌਂਕੀਪੌਕਸ ਦੁਨੀਆ ਦੇ ਸਾਹਮਣੇ ਵੱਡੀ ਚੁਣੌਤੀ ਹੈ। ਹੁਣ ਤੱਕ 15 ਦੇਸ਼ਾਂ ਵਿੱਚ ਮੌਂਕੀਪੌਕਸ ਸੰਕ੍ਰਮਣ ਦੇ 100 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਜਨੇਵਾ ਵਿੱਚ ਵਿਸ਼ਵ ਸਿਹਤ ਅਸੈਂਬਲੀ ਨੂੰ ਸੰਬੋਧਿਤ ਕਰਦੇ ਹੋਏ WHO ਦੇ ਡਾਇਰੈਕਟਰ-ਜਨਰਲ ਟੇਡਰੋਸ ਅਧਾਨਮ ਘੇਬਰੇਅਸਸ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਵੀ ਯਕੀਨੀ ਤੌਰ ‘ਤੇ ਅਜੇ ਖਤਮ ਨਹੀਂ ਹੋਈ ਹੈ। ਇਸ ਤੋਂ ਇਲਾਵਾ 21 ਦੇਸ਼ਾਂ ਵਿੱਚ ਬੱਚਿਆਂ ਵਿੱਚ ਇੱਕ ਰਹੱਸਮਈ ਹੈਪੇਟਾਈਟਸ ਦੇ ਘੱਟੋ-ਘੱਟ 450 ਮਾਮਲੇ ਸਾਹਮਣੇ ਆਏ ਹਨ। ਇਸ ਦੇ ਚੱਲਦਿਆਂ 12 ਬੱਚਿਆਂ ਦੀ ਜਾਨ ਜਾ ਚੁੱਕੀ ਹੈ।
ਉੱਥੇ ਹੀ ਦੂਜੇ ਪਾਸੇ ਭਾਰਤ ਵੀ ਮੌਂਕੀਪੌਕਸ ਦੇ ਤੇਜ਼ੀ ਨਾਲ ਫੈਲਣ ਨੂੰ ਦੇਖਦਿਆਂ ਚੌਕਸ ਹੋ ਗਿਆ ਹੈ। ਬੀਤੇ ਦਿਨੀ ਮੁੰਬਈ ਦੇ ਬ੍ਰਿਹਨਮੁੰਬਈ ਨਗਰ ਨਿਗਮ ਨੇ ਮੌਂਕੀਪੌਕਸ ਦੇ ਸ਼ੱਕੀ ਮਰੀਜ਼ਾਂ ਲਈ ਕਸਤੂਰਬਾ ਹਸਪਤਾਲ ਵਿੱਚ 28 ਬਿਸਤਰਿਆਂ ਦਾ ਆਈਸੋਲੇਸ਼ਨ ਵਾਰਡ ਤਿਆਰ ਕੀਤਾ ਹੈ । ਹਾਲਾਂਕਿ ਦੇਸ਼ ਵਿੱਚ ਹੁਣ ਤੱਕ ਇਸ ਬਿਮਾਰੀ ਦਾ ਇੱਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।
ਮੌਂਕੀਪੌਕਸ ਨੂੰ ਲੈ ਕੇ ਕੇਂਦਰ ਸਰਕਾਰ ਦੀ ਚਿੰਤਾ ਵੀ ਵੱਧ ਗਈ ਹੈ। ਤੇਜ਼ੀ ਨਾਲ ਫੈਲਦੇ ਸੰਕ੍ਰਮਣ ਨੂੰ ਦੇਖਦੇ ਹੋਏ ਨੈਸ਼ਨਲ ਸੈਂਟਰ ਡਿਸੀਜ ਕੰਟਰੋਲ ਤੇ ਇੰਡਿਯਨ ਕੌਂਸਲ ਆਫ਼ ਮੈਡੀਕਲ ਰਿਸਰਚ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਸਿਹਤ ਮੰਤਰਾਲੇ ਨੇ ਹਵਾਈ ਅੱਡਿਆਂ ਤੇ ਬੰਦਰਗਾਹਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਮੌਂਕੀਪੌਕਸ ਪ੍ਰਭਾਵਿਤ ਦੇਸ਼ਾਂ ਦੀ ਯਾਤਰਾ ਕਰ ਕੇ ਪਰਤੇ ਕਿਸੇ ਵੀ ਬਿਮਾਰ ਯਾਤਰੀ ਨੂੰ ਤੁਰੰਤ ਆਈਸੋਲੇਟ ਕਰਨ ਅਤੇ ਸੈਂਪਲ ਜਾਂਚ ਲਈ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਨੂੰ ਭੇਜੋ।
ਵੀਡੀਓ ਲਈ ਕਲਿੱਕ ਕਰੋ -: