More Than 400 Bodies: ਦੁਨੀਆ ਦੇ ਬਹੁਤੇ ਦੇਸ਼ ਕੋਰੋਨਾ ਦੀ ਲਾਗ ਨਾਲ ਜੂਝ ਰਹੇ ਹਨ, ਪਰ ਦੱਖਣੀ ਅਮਰੀਕਾ ਦੇ ਦੇਸ਼ਾਂ ਵਿੱਚ ਸਥਿਤੀ ਸਭ ਤੋਂ ਜ਼ਿਆਦਾ ਖਰਾਬ ਹੈ। ਬੋਲੀਵੀਆ ਦੀ ਪੁਲਿਸ ਨੇ ਮੰਗਲਵਾਰ ਨੂੰ ਕਿਹਾ ਕਿ ਪਿਛਲੇ 5 ਦਿਨਾਂ ਵਿੱਚ ਉਨ੍ਹਾਂ ਨੇ ਦੇਸ਼ ਦੇ ਵੱਡੇ ਸ਼ਹਿਰਾਂ ਦੀਆਂ ਸੜਕਾਂ ਅਤੇ ਘਰਾਂ ਵਿਚੋਂ 400 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਹਨ। ਪੁਲਿਸ ਅਨੁਸਾਰ ਟੈਸਟ ਵਿੱਚ ਮ੍ਰਿਤਕ ਦੇਹਾਂ ਦੀ ਸਥਿਤੀ ਨੂੰ ਵੇਖਦਿਆਂ ਇਹ ਲਗਦਾ ਹੈ ਕਿ ਇਨ੍ਹਾਂ ਵਿੱਚੋਂ 85% ਤੋਂ ਜ਼ਿਆਦਾ ਕੋਰੋਨਾ ਪੀੜਤ ਹਨ, ਜਿਨ੍ਹਾਂ ਦੀ ਇਲਾਜ ਦੀ ਘਾਟ ਕਾਰਨ ਮੌਤ ਹੋ ਗਈ ਹੈ।
ਨਿਊਜ਼ ਏਜੰਸੀ ਅਨੁਸਾਰ ਬੋਲੀਵੀਆ ਦੇ ਸ਼ਹਿਰ ਕੋਚਾਬਾਂਬਾ ਤੋਂ ਲਗਭਗ 191 ਲਾਸ਼ਾਂ ਬਰਾਮਦ ਹੋਈਆਂ ਹਨ। ਇਸ ਤੋਂ ਇਲਾਵਾ ਲਾ ਪਾਜ਼ ਸ਼ਹਿਰ ਵਿਚੋਂ 141 ਲਾਸ਼ਾਂ ਬਰਾਮਦ ਹੋਈਆਂ ਹਨ, ਜੋ ਜਾਂ ਤਾਂ ਘਰਾਂ ਵਿੱਚ ਸੜਨ ਲੱਗੀਆਂ ਸਨ ਜਾਂ ਸੜਕਾਂ ‘ਤੇ ਖਿਲਰੀਆਂ ਹੋਈਆਂ ਸਨ। ਨੈਸ਼ਨਲ ਪੁਲਿਸ ਡਾਇਰੈਕਟਰ ਕਰਨਲ ਇਵਾਨ ਰੋਜਸ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਕਦੇ ਅਜਿਹੀ ਭਿਆਨਕ ਸਥਿਤੀ ਨਹੀਂ ਵੇਖੀ । ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਸਾਂਤਾ ਕਰੂਜ਼ ਦੀਆਂ ਸੜਕਾਂ ਤੋਂ ਵੀ 68 ਲਾਸ਼ਾਂ ਬਰਾਮਦ ਹੋਈਆਂ ਹਨ। ਸਿਰਫ ਇਸ ਸ਼ਹਿਰ ਵਿੱਚ ਦੇਸ਼ ਦੇ ਲਗਭਗ 50% ਕੋਰੋਨਾ ਸੰਕਰਮਣ ਦੇ ਕੇਸ ਹਨ। ਇਸ ਇੱਕ ਸ਼ਹਿਰ ਵਿੱਚ ਹੁਣ ਤੱਕ 60 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ।
ਰੋਜਸ ਨੇ ਕਿਹਾ ਕਿ 85% ਤੋਂ ਜ਼ਿਆਦਾ ਲਾਸ਼ਾਂ ਬਰਾਮਦ ਹੋਈਆਂ ਹਨ, ਕੁਝ ਦੀ ਜਾਂਚ ਕੀਤੀ ਗਈ ਹੈ ਜਦੋਂ ਕਿ ਬਾਕੀ ਦੇ ਲੱਛਣਾਂ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਵਿੱਚੋਂ ਕੁਝ ਹੋਰ ਬਿਮਾਰੀਆਂ ਭੁੱਖ ਅਤੇ ਹਿੰਸਾ ਦੀਆਂ ਘਟਨਾਵਾਂ ਵਿੱਚ ਵੀ ਮਾਰੇ ਗਏ ਹਨ। ਨੈਸ਼ਨਲ ਐਪੀਡਿਮੋਲੋਜੀ ਦਫਤਰ ਅਨੁਸਾਰ, ਸੈਂਤਾ ਕਰੂਜ਼ ਤੋਂ ਬਾਅਦ ਲਾ ਪਾਜ਼ ਵਿੱਚ ਕੋਰੋਨਾ ਦੀ ਲਾਗ ਦਾ ਹਾਟਸਪਾਟ ਬਣ ਗਿਆ ਹੈ ਅਤੇ ਇੱਥੇ ਹਰ ਰੋਜ਼ ਹਜ਼ਾਰਾਂ ਨਵੇਂ ਕੇਸ ਆ ਰਹੇ ਹਨ। ਫੋਰੈਂਸਿਕ ਇਨਵੈਸਟੀਗੇਸ਼ਨ ਦੇ ਡਾਇਰੈਕਟਰ ਆਂਡਰੇਅਸ ਫਲੋਰੇਸ ਨੇ ਕਿਹਾ ਕਿ 1 ਅਪ੍ਰੈਲ ਤੋਂ ਹੁਣ ਤੱਕ 3000 ਤੋਂ ਵੱਧ ਲਾਸ਼ਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਸੰਕਰਮਿਤ ਸਨ । ਬੋਲੀਵੀਆ ਵਿੱਚ ਸੰਕਰਮਣ ਦੇ 60 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਜਦੋਂਕਿ 2200 ਮੌਤਾਂ ਸਰਕਾਰੀ ਤੌਰ ‘ਤੇ ਹੋਈਆਂ ਹਨ ।
ਬੋਲੀਵੀਆ ਦੀ ਅੰਤਰਿਮ ਰਾਸ਼ਟਰਪਤੀ ਜੀਨਿਨ ਅੰਜ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਈ ਹੈ। ਲਾਗ ਦੀ ਪੁਸ਼ਟੀ ਕਰਦਿਆਂ ਜੀਨਿਨ ਨੇ ਕਿਹਾ ਕਿ ਮੈਂ ਕੋਰੋਨਾ ਵਾਇਰਸ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਉਹ ਆਈਸੋਲੇਸ਼ਨ ਵਿੱਚ ਰਹਿੰਦਿਆਂ ਵੀ ਆਪਣੇ ਕੰਮ ਨੂੰ ਜਾਰੀ ਰੱਖੇਗੀ। ਜੀਨਿਨ ਨੇ ਵੀਰਵਾਰ ਨੂੰ ਇੱਕ ਟਵੀਟ ਵਿੱਚ ਕਿਹਾ ਕਿ ‘ਮੈਂ ਹਾਲ ਹੀ ਵਿੱਚ ਕੋਰੋਨਾ ਦਾ ਟੈਸਟ ਕਰਵਾਇਆ ਸੀ, ਹੁਣ ਇਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਈਸੋਲੇਸ਼ਨ ਵਿੱਚ ਜਾਵੇਗੀ ਅਤੇ ਉੱਥੇ ਰਹਿੰਦੇ ਹੋਏ ਆਪਣਾ ਕੰਮ ਪਹਿਲਾਂ ਵਾਂਗ ਜਾਰੀ ਰੱਖੇਗੀ ।