ਆਮ ਤੌਰ ‘ਤੇ ਕੋਈ ਵਿਅਕਤੀ 60 ਸਾਲਾਂ ਦੀ ਉਮਰ ਵਿੱਚ ਨੌਕਰੀ ਤੋਂ ਰਿਟਾਇਰ ਹੋ ਜਾਂਦਾ ਹੈ ਜਾਂ ਕਈ ਨੌਕਰੀਆਂ ਬਦਲ ਚੁੱਕਿਆ ਹੁੰਦਾ ਹੈ। ਪਰ ਬ੍ਰਿਟੇਨ ਵਿੱਚ ਇੱਕ ਅਜਿਹਾ ਵਿਅਕਤੀ ਹੈ ਜੋ ਪਿਛਲੇ 70 ਸਾਲਾਂ ਤੋਂ ਇੱਕੋ ਕੰਪਨੀ ਵਿੱਚ ਕੰਮ ਕਰ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਵਿਅਕਤੀ ਨੇ 70 ਸਾਲਾਂ ਵਿੱਚ ਇੱਕ ਵਾਰ ਵੀ ਛੁੱਟੀ ਨਹੀਂ ਲਈ।
ਲੋਕ ਇਸ ਵਿਅਕਤੀ ਨੂੰ ਦੇਸ਼ ਦਾ ‘ਸਭ ਤੋਂ ਸਮਰਪਿਤ ਵਰਕਰ’ ਕਹਿ ਰਹੇ ਹਨ।ਇੱਕ ਰਿਪੋਰਟ ਮੁਤਾਬਿਕ ਬ੍ਰਿਟੇਨ ਦੇ ਇਸ ‘ਸਭ ਤੋਂ ਸਮਰਪਿਤ ਕਰਮਚਾਰੀ’ ਦਾ ਨਾਂ ਬ੍ਰਾਇਨ ਚੋਰਲੇ ਹੈ। ਬ੍ਰਾਇਨ 83 ਸਾਲ ਦੇ ਹਨ। 1953 ਵਿੱਚ, ਜਦੋਂ ਉਹ ਸਿਰਫ 15 ਸਾਲਾਂ ਦੇ ਸੀ, ਉਨ੍ਹਾਂ ਨੇ ਇੱਕ ਜੁੱਤੀ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਉਸੇ ਫੈਕਟਰੀ ਵਿੱਚ ਕੰਮ ਕਰ ਰਹੇ ਹਨ। ਬ੍ਰਾਇਨ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲ ਦੀਆਂ ਛੁੱਟੀਆਂ ਦੌਰਾਨ ਆਪਣੇ ਪਰਿਵਾਰ ਲਈ ਕੁੱਝ ਵਾਧੂ ਪੈਸੇ ਕਮਾਉਣ ਲਈ ਸਮਰਸੈੱਟ ਸਟਰੀਟ ਸਥਿਤ ਸੀ ਐਂਡ ਜੇ ਕਲਾਰਕ ਫੈਕਟਰੀ ਵਿੱਚ ਨੌਕਰੀ ਸ਼ੁਰੂ ਕੀਤੀ ਸੀ। ਕਿਉਂਕਿ ਵਿਸ਼ਵ ਯੁੱਧ ਤੋਂ ਬਾਅਦ ਉਹ ਬਹੁਤ ਗਰੀਬ ਹੋ ਗਏ ਸੀ। ਉਨ੍ਹਾਂ ਦੇ ਪਿਤਾ ਫੌਜ ਵਿੱਚ ਸਨ। ਫੈਕਟਰੀ ਵਿੱਚ ਹਫ਼ਤੇ ਵਿੱਚ 45 ਘੰਟੇ ਕੰਮ ਕਰਨ ਤੋਂ ਬਾਅਦ, ਬ੍ਰਾਇਨ ਨੇ ਦੋ ਪੌਂਡ ਕਮਾਏ, ਜਿਸ ਵਿੱਚੋਂ ਉਨ੍ਹਾਂ ਨੇ ਇੱਕ ਪੌਂਡ ਆਪਣੀ ਮਾਂ ਨੂੰ ਦਿੱਤਾ। ਇਹ ਉਨ੍ਹਾਂ ਦੀ ਪਹਿਲੀ ਕਮਾਈ ਸੀ।
ਹਾਲਾਂਕਿ ਫੈਕਟਰੀ 70 ਸਾਲਾਂ ਵਿੱਚ ਇੱਕ ਸ਼ਾਪਿੰਗ ਸੈਂਟਰ ਵਿੱਚ ਬਦਲ ਗਈ, ਪਰ ਬ੍ਰਾਇਨ ਚੋਰਲੇ ਨਹੀਂ ਬਦਲੇ। ਉਹ ਫੈਕਟਰੀ ਤੋਂ ਸ਼ਾਪਿੰਗ ਸੈਂਟਰ ਵਿੱਚ ਸ਼ਿਫਟ ਹੋ ਗਏ ਅਤੇ ਸਿਖਲਾਈ ਲੈਣ ਤੋਂ ਬਾਅਦ ਉਸੇ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਲਗਭਗ 70 ਸਾਲ ਉਸੇ ਕੰਮ ਵਾਲੀ ਥਾਂ ‘ਤੇ ਪੂਰੇ ਕੀਤੇ ਹਨ, ਉਹ ਵੀ ਬਿਨਾਂ ਕੋਈ ਛੁੱਟੀ ਲਏ। ਲੌਕਡਾਊਨ ‘ਚ ਜਦੋਂ ਕੁੱਝ ਸਮੇਂ ਲਈ ਕੰਮ ਰੁਕ ਗਿਆ ਤਾਂ ਉਹ ਕਾਫੀ ਪਰੇਸ਼ਾਨ ਹੋ ਗਏ ਸੀ।
ਇਹ ਵੀ ਪੜ੍ਹੋ : ਜਸਵਿੰਦਰ ਸਿੰਘ ਜੱਸੀ ਨੇ ਛੱਡਿਆ ਪੰਜਾਬ ਯੂਥ ਕਾਂਗਰਸ ਦੇ ਉਪ ਪ੍ਰਧਾਨ ਦਾ ਅਹੁਦਾ, ਲੜਨਗੇ ਆਜ਼ਾਦ ਚੋਣ
‘ਰਿਟਾਇਰ ਹੋਣ ਦੀ ਕੋਈ ਯੋਜਨਾ ਨਹੀਂ’ – ਮਹੱਤਵਪੂਰਨ ਗੱਲ ਇਹ ਹੈ ਕਿ 83 ਸਾਲਾ ਬ੍ਰਾਇਨ ਦੀ ਅਜੇ ਵੀ ਰਿਟਾਇਰ ਹੋਣ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 95 ਸਾਲਾ ਡੇਵਿਡ ਐਟਨਬਰੋ ਉਨ੍ਹਾਂ ਦੇ ਆਦਰਸ਼ ਹਨ। ਯਾਨੀ ਬ੍ਰਾਇਨ ਇੱਕ ਦਹਾਕਾ ਹੋਰ ਕੰਮ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿਹਤ ਜਾਂਚ ਕਰਵਾਉਣ ਤੋਂ ਬਾਅਦ ਪਤਾ ਲੱਗਾ ਹੈ ਕਿ ਉਹ ਅਜੇ ਵੀ ਪੂਰੀ ਤਰ੍ਹਾਂ ਤੰਦਰੁਸਤ ਹਨ। ਬ੍ਰਾਇਨ ਚੋਰਲੇ ਦਾ ਕਹਿਣਾ ਹੈ – “ਮੈਂ ਅੱਠ ਸਾਲ ਪਹਿਲਾਂ ਆਪਣੀ ਪਤਨੀ ਨੂੰ ਗੁਆ ਦਿੱਤਾ ਸੀ, ਇਸ ਲਈ ਮੈਨੂੰ ਘਰ ਵਿੱਚ ਕੋਈ ਨਹੀਂ ਦਿੱਖਦਾ। ਮੈਂ ਬਾਹਰ ਰਹਿਣਾ ਚਾਹੁੰਦਾ ਹਾਂ, ਮੈਂ ਲੋਕਾਂ ਨੂੰ ਦੇਖਣਾ ਚਾਹੁੰਦਾ ਹਾਂ। ਮੈਨੂੰ ਸਿਰਫ਼ ਕੰਮ ਕਰਨਾ ਪਸੰਦ ਹੈ।”
ਵੀਡੀਓ ਲਈ ਕਲਿੱਕ ਕਰੋ -: