Myanmar forces kill over: ਮਿਆਂਮਾਰ ਵਿੱਚ ਫੌਜੀ ਤਖਤਾਪਲਟ ਵਿਰੁੱਧ ਲੋਕਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ । ਫੌਜ ਨੇ ਸ਼ਨੀਵਾਰ ਨੂੰ ਦੇਸ਼ ਦੀ ਰਾਜਧਾਨੀ ਨਾਯਪਿਟਾਵ ਵਿੱਚ ਸਾਲਾਨਾ ਸੈਨਿਕ ਦਿਵਸ ਦੀ ਪਰੇਡ ਕੀਤੀ, ਪਰ ਅੰਦੋਲਨ ਨੂੰ ਕੁਚਲਣ ਲਈ ਫੌਜ ਨੇ ਦਰਜਨਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਲੋਕਾਂ ਦੇ ਅੰਦੋਲਨ ਨੂੰ ਦਬਾਉਣ ਲਈ ਇਹ ਮਿਆਂਮਾਰ ਵਿੱਚ ਫੌਜ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਫੌਜ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ 114 ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਮਾਰੇ ਗਏ ਲੋਕਾਂ ਵਿੱਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਿਲ ਹਨ। ਇਸ ਘਟਨਾ ਤੋਂ ਬਾਅਦ ਸੰਯੁਕਤ ਰਾਸ਼ਟਰ, ਯੂਰਪੀਅਨ ਯੂਨੀਅਨ, ਅਮਰੀਕਾ ਤੇ ਇੰਗਲੈਂਡ ਵੱਲੋਂ ਇਸਦੀ ਨਿੰਦਾ ਕੀਤੀ ਗਈ ਹੈ।
ਤਖਤਾਪਲਟ ਤੋਂ ਬਾਅਦ ਤੋਂ ਹੀ ਮਿਆਂਮਾਰ ਵਿੱਚ ਥਾਂ-ਥਾਂ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ । 1 ਫਰਵਰੀ ਤੋਂ ਜਾਰੀ ਪ੍ਰਦਰਸ਼ਨਾਂ ਵਿੱਚ ਹੁਣ ਤੱਕ 400 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ । ਮਿਆਂਮਾਰ ਵਿੱਚ ਇੱਕ ਪਾਸੇ ਜਿੱਥੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀਬਾਰੀ ਕੀਤੀ ਜਾ ਰਹੀ ਸੀ, ਉੱਥੇ ਹੀ ਰਾਜਧਾਨੀ ਨੇਪੀਤਾ ਵਿੱਚ ਮਿਲਟਰੀ ਡੇਅ ਦੇ ਮੌਕੇ ‘ਤੇ ਆਯੋਜਿਤ ਪਰੇਡ ਦੌਰਾਨ ਸੈਨਿਕ ਸ਼ਾਸਕ ਸੀਨੀਅਰ ਜਨਰਲ ਮਿਨ ਆਂਗ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਗੱਲ ਕਰ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਮਿਆਂਮਾਰ ਵਿੱਚ ਸਰਕਾਰੀ ਟੀਵੀ ਵੱਲੋਂ ਸ਼ੁੱਕਰਵਾਰ ਦੀ ਰਾਤ ਨੂੰ ਪਹਿਲਾਂ ਹੀ ਇੱਕ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਸ਼ਨੀਵਾਰ ਨੂੰ ਹਥਿਆਰਬੰਦ ਸੈਨਾ ਦਿਵਸ ਦੇ ਮੌਕੇ ਉੱਤੇ ਸੜਕ ’ਤੇ ਰੋਸ ਵਜੋਂ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰ ਦਿੱਤੀ ਜਾ ਸਕਦੀ ਹੈ । ਇਸ ਦੇ ਬਾਵਜੂਦ, ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਮਿਆਂਮਾਰ ਦੀਆਂ ਸੜਕਾਂ ‘ਤੇ ਬਾਹਰ ਆ ਗਏ। ਇੱਕ ਵੈਬਸਾਈਟ ਅਨੁਸਾਰ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਦੀ ਗੋਲੀਬਾਰੀ ਵਿੱਚ 114 ਲੋਕਾਂ ਦੀ ਮੌਤ ਹੋ ਗਈ ਹੈ ।
ਦੱਸ ਦੇਈਏ ਕਿ ਮਿਆਂਮਾਰ ਵਿੱਚ ਤਖਤਾਪਲਟ ਕਰ ਸੱਤਾ ‘ਤੇ ਕਬਜ਼ਾ ਕਰਨ ਵਾਲੀ ਫੌਜ ‘ਤੇ ਅੰਤਰਰਾਸ਼ਟਰੀ ਦਬਾਅ ਵੱਧਦਾ ਜਾ ਰਿਹਾ ਹੈ। ਇਨ੍ਹਾਂ ਹੱਤਿਆਵਾਂ ਲਈ ਅੰਤਰਰਾਸ਼ਟਰੀ ਪੱਧਰ ‘ਤੇ ਵਿਆਪਕ ਤੌਰ ‘ਤੇ ਨਿੰਦਾ ਕੀਤੀ ਗਈ ਹੈ ਅਤੇ ਮਿਆਂਮਾਰ ਵਿੱਚ ਕਈ ਡਿਪਲੋਮੈਟਿਕ ਮਿਸ਼ਨਾਂ ਨੇ ਸ਼ਨੀਵਾਰ ਨੂੰ ਬੱਚਿਆਂ ਸਮੇਤ ਆਮ ਨਾਗਰਿਕਾਂ ਦੇ ਕਤਲੇਆਮ ਦੇ ਬਿਆਨ ਜਾਰੀ ਕੀਤੇ ਹਨ। ਬ੍ਰਿਟਿਸ਼ ਰਾਜਦੂਤ ਡੈਨ ਚੱਗ ਨੇ ਇੱਕ ਬਿਆਨ ਵਿਚ ਕਿਹਾ ਹੈ ਕਿ “ਸੁਰੱਖਿਆ ਬਲਾਂ ਨੇ ਨਿਹੱਥੇ ਨਾਗਰਿਕਾਂ ‘ਤੇ ਗੋਲੀਆਂ ਚਲਾ ਕੇ ਆਪਣੀ ਸਾਖ ਗੁਆ ਦਿੱਤੀ ਹੈ।”
ਇਹ ਵੀ ਦੇਖੋ: ਬੀਜੇਪੀ ਵਿਧਾਇਕ ਨੂੰ ਨੰਗਾ ਕਰਕੇ ਕੁੱਟਣ ਵਾਲਿਆਂ ਦੀ ਆਵੇਗੀ ਸ਼ਾਮਤ…