ਨਿਊਜ਼ੀਲੈਂਡ ਜਾਣ ਵਾਲੇ ਲੋਕਾਂ ਲਈ ਬੁਰੀ ਖ਼ਬਰ ਹੈ। ਯਾਤਰਾ ਲਈ ਫਰਵਰੀ ਤੱਕ ਤੁਹਾਨੂੰ ਲੰਮਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਉਹ ਇਸ ਲਈ ਕਿਉਂਕਿ ਓਮੀਕਰੋਨ ਕਾਰਨ ਨਿਊਜ਼ੀਲੈਂਡ ਨੇ ਸਰਹੱਦਾਂ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਸੰਕਰਮਣ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਨਿਊਜ਼ੀਲੈਂਡ ਨੇ ਆਪਣੀਆਂ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਦੇ ਫ਼ੈਸਲੇ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਹੈ।
ਇਸ ਸਬੰਧੀ ਦੇਸ਼ ਦੇ ਮੰਤਰੀ ਕ੍ਰਿਸ ਹਿਪਕਿਨਜ਼ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਨਿਊਜ਼ੀਲੈਂਡ ਦੇ ਲੋਕਾਂ ਲਈ 16 ਜਨਵਰੀ ਤੋਂ ਗੈਰ-ਕੁਆਰੰਟੀਨ ਯਾਤਰਾ ਸ਼ੁਰੂ ਹੋਣੀ ਸੀ। ਇਸ ਦੀ ਸ਼ੁਰੂਆਤ ਆਸਟ੍ਰੇਲੀਆ ਦੀ ਗੈਰ-ਕੁਆਰੰਟੀਨ ਯਾਤਰਾ ਨਾਲ ਹੋਣੀ ਸੀ ਪਰ ਇਹ ਫ਼ੈਸਲਾ ਵੀ ਫਰਵਰੀ ਦੇ ਅੰਤ ਤੱਕ ਟਾਲ ਦਿੱਤਾ ਗਿਆ ਹੈ । ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਸਾਹਮਣੇ ਆਏ ਮਾਮਲਿਆਂ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਓਮੀਕ੍ਰੋਨ ਕੋਰੋਨਾ ਦਾ ਸਭ ਤੋਂ ਵੱਧ ਖਤਰਨਾਕ ਵੇਰੀਐਂਟ ਹੈ।
ਇਹ ਵੀ ਪੜ੍ਹੋ: UPSC ਦੀ ਮੀਟਿੰਗ ਅੱਜ; ਸਰਕਾਰ ਦੀ ਚਲੀ ਤਾਂ ਚਟੋਪਾਧਿਆਏ ਨਹੀਂ ਤਾਂ ਭਵਰਾ ਹੋ ਸਕਦੇ ਹਨ ਨਵੇਂ DGP
ਉੱਥੇ ਹੀ ਦੂਜੇ ਪਾਸੇ ਦੇਸ਼ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਰਕਾਰ ਵੱਲੋਂ ਇਹ ਫੈਸਲਾ ਓਮੀਕ੍ਰੋਨ ਵੇਰੀਐਂਟ ਇਨਫੈਕਸ਼ਨ ਨੂੰ ਰੋਕਣ ਦੇ ਮੱਦੇਨਜ਼ਰ ਲਿਆ ਗਿਆ ਹੈ ਤਾਂ ਜੋ ਸੁਰੱਖਿਆ ਦੇ ਸਾਰੇ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਇਨਫੈਕਸ਼ਨ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਇਸਨੂੰ ਫੈਲਣ ਤੋਂ ਰੋਕਿਆ ਜਾ ਸਕੇ।
ਨਿਊਜ਼ੀਲੈਂਡ ਨੇ ਇਹ ਵੀ ਕਿਹਾ ਕਿ ਇਸ ਵੈਰੀਐਂਟ ਦੇ ਮੱਦੇਨਜ਼ਰ ਸਟੇਟ ਕੁਆਰੰਟੀਨ ਸਹੂਲਤਾਂ ਵਿੱਚ ਰਹਿਣ ਦੀ ਮਿਆਦ ਇੱਕ ਹਫ਼ਤੇ ਤੋਂ ਵਧਾ ਕੇ 10 ਦਿਨ ਕਰ ਦਿੱਤੀ ਜਾਵੇਗੀ । ਨਿਊਜ਼ੀਲੈਂਡ ਸਰਕਾਰ ਵੱਲੋਂ ਸਰਹੱਦਾਂ ਨਾਲ ਖੋਲ੍ਹਣ ਦੇ ਐਲਾਨ ਤੋਂ ਬਾਅਦ ਨੈਸ਼ਨਲ ਏਅਰਲਾਈਨ ਏਅਰ ਨਿਊਜ਼ੀਲੈਂਡ (AIR.NZ) ਨੇ ਕਿਹਾ ਕਿ ਸਰਹੱਦਾਂ ਖੋਲ੍ਹਣ ਦਾ ਫੈਸਲਾ ਮੁਲਤਵੀ ਹੋਣ ਕਾਰਨ ਉਹ ਫਰਵਰੀ ਦੇ ਅੰਤ ਤੱਕ ਲਗਭਗ 120 ਸੇਵਾਵਾਂ ਨੂੰ ਰੱਦ ਕਰ ਦੇਵੇਗੀ, ਜਿਸ ਨਾਲ ਲਗਭਗ 27,000 ਗਾਹਕ ਪ੍ਰਭਾਵਿਤ ਹੋਣਗੇ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ‘ਚ ਇੱਕ ਹੋਰ ਵੱਡਾ ਧਮਾਕਾ, ਚਮਕੌਰ ਸਾਹਿਬ ਤੋਂ ਚੋਣਾਂ ਨਹੀਂ ਲੜਨਗੇ CM ਚੰਨੀ !
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਨਿਊਜ਼ੀਲੈਂਡ ਨੇ ਕੋਰੋਨਾ ਸਬੰਧੀ ਕੁਝ ਪਾਬੰਦੀਆਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਸੀ ਪਰ ਇਨਫੈਕਸ਼ਨ ਦੇ ਤੇਜ਼ੀ ਨਾਲ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਜਨਵਰੀ ਤੋਂ ਅੰਤਰਰਾਸ਼ਟਰੀ ਸਰਹੱਦਾਂ ਨੂੰ ਖੋਲ੍ਹਣ ਦਾ ਫ਼ੈਸਲਾ ਫਰਵਰੀ ਦੇ ਅੰਤ ਤੱਕ ਟਾਲ ਦਿੱਤਾ ਗਿਆ ਹੈ। ਨਿਊਜ਼ੀਲੈਂਡ ਵਿਚ ਓਮੀਕਰੋਨ ਵੇਰੀਐਂਟ ਦੇ 22 ਮਾਮਲੇ ਦਰਜ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: