New Zealand temporarily suspends: ਭਾਰਤ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਖ਼ਤਰਨਾਕ ਹੁੰਦੀ ਜਾ ਰਹੀ ਹੈ। ਇੱਥੇ ਇਕ ਦਿਨ ਵਿੱਚ 1-1 ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਭਾਰਤ ਦੀ ਸਥਿਤੀ ਨੂੰ ਵੇਖਦੇ ਹੋਏ ਨਿਊਜ਼ੀਲੈਂਡ ਨੇ ਇੱਕ ਮਹੱਤਵਪੂਰਨ ਫੈਸਲਾ ਲਿਆ ਹੈ । ਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀ ਐਂਟਰੀ ‘ਤੇ ਅਸਥਾਈ ਰੋਕ ਲਗਾ ਦਿੱਤੀ ਹੈ, ਇਹ ਪਾਬੰਦੀ 11 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਐਲਾਨ ਕੀਤਾ ਹੈ ਕਿ ਭਾਰਤ ਤੋਂ ਆਉਣ ਵਾਲੇ ਲੋਕਾਂ ਦੀ ਐਂਟਰੀ 11 ਅਪ੍ਰੈਲ ਤੋਂ 28 ਅਪ੍ਰੈਲ ਤੱਕ ਰੋਕ ਦਿੱਤੀ ਗਈ ਹੈ। ਇਹ ਨਿਯਮ ਨਿਊਜ਼ੀਲੈਂਡ ਵਿੱਚ 11 ਅਪ੍ਰੈਲ ਤੋਂ ਸ਼ਾਮ 4 ਵਜੇ ਤੋਂ ਲਾਗੂ ਕਰ ਦਿੱਤਾ ਜਾਵੇਗਾ । ਨਿਊਜ਼ੀਲੈਂਡ ਦੀ ਇੱਕ ਮੀਡੀਆ ਰਿਪੋਰਟ ਦੇ ਅਨੁਸਾਰ ਇਹ ਪਾਬੰਦੀ ਉੱਥੇ ਦੇ ਨਾਗਰਿਕਾਂ ਅਤੇ ਉੱਥੇ ਵਸਦੇ ਲੋਕਾਂ ‘ਤੇ ਲਗਾਈ ਗਈ ਹੈ।
ਅਜਿਹੇ ਵਿੱਚ ਜੇਕਰ ਕੋਈ ਨਿਊਜ਼ੀਲੈਂਡ ਦਾ ਕੋਈ ਵਿਅਕਤੀ ਭਾਰਤ ਵਿੱਚ ਹੈ ਅਤੇ ਉਹ ਵਾਪਸ ਜਾਣਾ ਚਾਹੁੰਦਾ ਹੈ, ਤਾਂ ਉਸਨੂੰ ਇਸ ਦੌਰਾਨ ਐਂਟਰੀ ਨਹੀਂ ਮਿਲੇਗੀ। ਯਾਨੀ ਹੁਣ 28 ਅਪ੍ਰੈਲ ਤੋਂ ਬਾਅਦ ਹੀ ਭਾਰਤ ਤੋਂ ਕੋਈ ਨਿਊਜ਼ੀਲੈਂਡ ਜਾ ਸਕੇਗਾ । ਹਾਲਾਂਕਿ, ਕੀ ਇਹ ਸਖਤੀ ਅੱਗੇ ਜਾਰੀ ਰਹੇਗੀ, ਇਸ ਬਾਰੇ ਉਸ ਸਮੇਂ ਦੀ ਸਥਿਤੀ ਦੇ ਅਨੁਸਾਰ ਫੈਸਲਾ ਲਿਆ ਜਾਵੇਗਾ।
ਇਸਦੀ ਪੁਸ਼ਟੀ ਕਰਦਿਆਂ ਸਿਹਤ ਡਾਇਰੈਕਟਰ ਜਨਰਲ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ 23 ਨਵੇਂ ਕੋਰੋਨਾ ਕੇਸ ਆਏ ਹਨ, ਜਿਨ੍ਹਾਂ ਵਿੱਚੋਂ 17 ਲੋਕ ਅਜਿਹੇ ਹਨ, ਜੋ ਭਾਰਤ ਤੋਂ ਪਰਤੇ ਹਨ । ਯਾਤਰਾ ‘ਤੇ ਇਹ ਪਾਬੰਦੀ 11 ਤੋਂ 28 ਅਪ੍ਰੈਲ ਤੱਕ ਲਗਾਈ ਗਈ ਹੈ ਅਤੇ ਹੁਣ ਅਸਥਾਈ ਹੈ । ਇਨ੍ਹਾਂ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦੋਂ ਨਿਊਜ਼ੀਲੈਂਡ ਨੇ ਆਪਣੇ ਨਾਗਰਿਕਾਂ ਜਾਂ ਉਸ ਦੇਸ਼ ਵਿੱਚ ਰਹਿਣ ਵਾਲੇ ਲੋਕਾਂ ਦੀ ਵਾਪਸੀ ‘ਤੇ ਰੋਕ ਲਗਾਈ ਹੈ।
ਦੱਸ ਦੇਈਏ ਕਿ ਇਸ ਸਮੇਂ ਭਾਰਤ ਵਿੱਚ ਜਿਸ ਤਰ੍ਹਾਂ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਉਹ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਪਿਛਲੇ ਚਾਰ ਦਿਨਾਂ ਵਿੱਚ ਹੀ ਭਾਰਤ ਵਿੱਚ ਲਗਭਗ ਪੰਜ ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਰਫ ਦੋ ਦਿਨਾਂ ਵਿੱਚ ਹੀ ਤਕਰੀਬਨ ਢਾਈ ਲੱਖ ਮਾਮਲੇ ਸਾਹਮਣੇ ਆਏ ਹਨ, ਜੋ ਚਿੰਤਾ ਵਧਾਉਣ ਵਾਲੀ ਰਫ਼ਤਾਰ ਹੈ।