ਅਫਰੀਕੀ ਦੇਸ਼ ਸਿਏਰਾ ਲਿਓਨ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ। ਇੱਥੇ ਇੱਕ ਤੇਲ ਟੈਂਕਰ ਵਿੱਚ ਜ਼ਬਰਦਸਤ ਧਮਾਕਾ ਹੋਇਆ ਹੈ। ਜਿਸ ਕਾਰਨ ਘੱਟੋ-ਘੱਟ 92 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਵੱਡੀ ਗਿਣਤੀ ‘ਚ ਲੋਕ ਜ਼ਖਮੀ ਹੋਏ ਹਨ।
ਇਹ ਘਟਨਾ ਦੇਸ਼ ਦੀ ਰਾਜਧਾਨੀ ਫਰੀਟਾਊਨ ਵਿੱਚ ਵਾਪਰੀ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇਕ 40 ਫੁੱਟ ਉੱਚਾ ਤੇਲ ਟੈਂਕਰ ਦੂਜੇ ਵਾਹਨ ਨਾਲ ਟਕਰਾ ਗਿਆ। ਇਸ ਤੋਂ ਬਾਅਦ ਇਸ ‘ਚ ਜ਼ਬਰਦਸਤ ਧਮਾਕਾ ਹੋਇਆ। ਜਿਸ ਨਾਲ ਪੂਰੇ ਇਲਾਕੇ ‘ਚ ਹਫੜਾ ਤਫੜੀ ਮੱਚ ਗਈ। ਸਥਾਨਕ ਮੀਡੀਆ ਵੱਲੋਂ ਘਟਨਾ ਦੀ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਟੈਂਕਰ ਦੇ ਆਲੇ-ਦੁਆਲੇ ਲੋਕਾਂ ਦੀਆਂ ਲਾਸ਼ਾਂ ਖਿੱਲਰੀਆਂ ਦਿਖਾਈ ਦੇ ਰਹੀਆਂ ਹਨ।
ਇੱਥੋਂ ਦੇ ਮੇਅਰ ਯਵੋਨ ਅਕੀ-ਸਵਾਇਰ ਨੇ ਵੀਡੀਓ ਫੁਟੇਜ ਨੂੰ ਦੇਖ ਕੇ ਇਸ ਘਟਨਾ ਨੂੰ ‘ਭਿਆਨਕ’ ਦੱਸਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਦੱਸਣਾ ਮੁਸ਼ਕਿਲ ਹੈ ਕਿ ਕਿੰਨਾ ਨੁਕਸਾਨ ਹੋਇਆ ਹੈ। ਇੱਕ ਫੇਸਬੁੱਕ ਪੋਸਟ ਵਿੱਚ, ਮੇਅਰ ਨੇ ਕਿਹਾ ਕਿ ਇੱਕ ਅਫਵਾਹ ਸੀ ਕਿ 100 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਹਾਲਾਂਕਿ ਅਧਿਕਾਰਤ ਮੌਤਾਂ ਦੀ ਗਿਣਤੀ ਜਾਰੀ ਕਰਦੇ ਹੋਏ, ਇੱਕ ਅਧਿਕਾਰੀ ਨੇ 92 ਲੋਕਾਂ ਦੀ ਮੌਤ ਦੀ ਸੂਚਨਾ ਦਿੱਤੀ ਹੈ। ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਰਾਹਤ ਅਤੇ ਬਚਾਅ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਖਮੀ ਲੋਕਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: