ਬ੍ਰਿਟੇਨ ਵਿੱਚ ਪੀਕ ਉੱਤੇ ਪਹੁੰਚਣ ਤੋਂ ਬਾਅਦ ਓਮੀਕਰੋਨ ਦੇ ਮਾਮਲੇ ਘੱਟ ਗਏ ਹਨ ਅਤੇ ਭਾਵੇਂ ਹੁਣ ਪਾਬੰਦੀਆਂ ਵੀ ਹਟਾ ਦਿੱਤੀਆਂ ਗਈਆਂ ਹਨ, ਪਰ ਯੂਰਪੀਅਨ ਦੇਸ਼ਾਂ ਵਿੱਚ ਕੋਰੋਨਾ ਦਾ ਕਹਿਰ ਅਜੇ ਵੀ ਬਰਕਰਾਰ ਹੈ। ਫਰਾਂਸ ਵਿੱਚ ਲਗਾਤਾਰ ਦੂਜੇ ਦਿਨ ਕੋਰੋਨਾ ਦੇ ਚਾਰ ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।
ਪਿਛਲੇ 24 ਘੰਟਿਆਂ ਵਿੱਚ ਫਰਾਂਸ ਵਿਚ 4.36 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ, ਜਰਮਨੀ ਵਿੱਚ ਪਿਛਲੇ 24 ਘੰਟਿਆਂ ਵਿੱਚ 1.21 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਦੂਜੇ ਪਾਸੇ ਨਿਊਜ਼ੀਲੈਂਡ ਵਿੱਚ ਓਮੀਕਰੋਨ ਦੇ ਵੱਧਦੇ ਕਹਿਰ ਤੋਂ ਬਾਅਦ ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਹੈ ਕਿ ਜੇਕਰ ਇਹ ਮਹਾਮਾਰੀ ਕਮਿਊਨਿਟੀ ਪੱਧਰ ਉੱਤੇ ਫੈਲਦੀ ਹੈ ਤਾਂ ਦੇਸ਼ ਵਿੱਚ ਫਿਰ ਤੋਂ ਪਾਬੰਦੀਆਂ ਲਗਾਉਣੀਆਂ ਪੈ ਸਕਦੀਆਂ ਹਨ।
ਅਮਰੀਕਾ-ਬ੍ਰਾਜ਼ੀਲ ਵਿੱਚ ਮਾੜੇ ਹਾਲਾਤ
ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਸਤ ਲੱਖ ਤੋਂ ਜਿਆਦਾ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਵਿੱਚ ਹਰ ਦਿਨ 2000 ਤੋਂ ਜਿਆਦਾ ਲੋਕਾਂ ਦੀ ਮੌਤ ਹੋ ਰਹੀ ਹੈ। ਮਰੀਜ਼ਾਂ ਦੀ ਵੱਧਦੀ ਗਿਣਤੀ ਕਾਰਨ ਹਸਪਤਾਲਾਂ ਉੱਤੇ ਭਾਰੀ ਦਬਾਅ ਹੈ। ਇਸੇ ਤਰ੍ਹਾਂ ਬ੍ਰਾਜ਼ੀਲ ਵਿੱਚ ਪਿਛਲੇ ਇੱਕ ਦਿਨ ਵਿੱਚ ਦੋ ਲੱਖ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਵਿੱਚ ਲਗਾਤਾਰ ਦੂਜੇ ਦਿਨ ਦਾ ਪਿਛਲਾ ਰਿਕਾਰਡ ਟੁੱਟ ਗਿਆ ਹੈ। ਇਸੀ ਦੌਰਾਨ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ 350 ਰਹੀ।
ਬਾਇਡੇਨ ਨੇ ਮੰਨਿਆ ਕੋਰੋਨਾ ਕਾਰਨ ਥੱਕ ਚੁੱਕਿਆ ਹੈ ਅਮਰੀਕਾ
ਇੱਕ ਦਿਨ ਵਿੱਚ ਜਿੱਥੇ ਗਲੋਬਲ ਸੰਕਰਮਿਤ 34.61 ਲੱਖ ਨਵੇਂ ਮਾਮਲੇ ਦਰਜ ਕੀਤੇ ਗਏ, ਉੱਥੇ ਹੀ 8,832 ਲੋਕਾਂ ਨੇ ਆਪਣੀ ਜਾਨ ਗਵਾਈ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ ਮੰਨਿਆ ਕਿ ਕੋਵਿਡ-19 ਕਾਰਨ ਅਮਰੀਕਾ ਦੇ ਲੋਕ ਥੱਕ ਗਏ ਹਨ ਅਤੇ ਉਨ੍ਹਾਂ ਦਾ ਮਨੋਬਲ ਵੀ ਕਾਫੀ ਡਿੱਗ ਗਿਆ ਹੈ। ਪਰ ਇਸ ਨਾਲ ਨਿਪਟਣ ਲਈ ਉਨ੍ਹਾਂ ਨੇ ਵਧੀਆ ਢੰਗ ਨਾਲ ਕੰਮ ਕੀਤਾ ਹੈ।
ਬਾਇਡੇਨ ਨੇ ਬੁੱਧਵਾਰ ਨੂੰ ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਇੱਕ ਸਾਲ ਦੇ ਮੌਕੇ ‘ਤੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਉਨ੍ਹਾਂ ਨੂੰ ਅਮਰੀਕੀ ਕਾਂਗਰਸ ਵਿੱਚ ਡੈੱਡਲਾਕ ਨੂੰ ਤੋੜਨ, ਮਹਿੰਗਾਈ ਅਤੇ ਵਿਸ਼ਵਵਿਆਪੀ ਮਹਾਂਮਾਰੀ ਨਾਲ ਨਜਿੱਠਣ ਲਈ ਆਪਣੇ ਆਰਥਿਕ ਪੈਕੇਜ ਦਾ “ਵੱਡਾ ਹਿੱਸਾ” ਲੈਣ ਲਈ ਸਮਝੌਤਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ, ਅਮਰੀਕਾ ਵਿੱਚ, ਜਿੱਥੇ ਕੋਰੋਨਾ ਵਿਰੁੱਧ ਲੜਾਈ ਅਜੇ ਵੀ ਜਾਰੀ ਹੈ, ਲੋਕਾਂ ਨੇ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਹੈ ਕਿ ਇਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਇਨ੍ਹਾਂ ਦੋ ਸਾਲਾਂ ਵਿੱਚ ਲੋਕਾਂ ਨੇ ਸਰੀਰਕ, ਭਾਵਨਾਤਮਕ ਅਤੇ ਮਨੋਵਿਗਿਆਨਕ ਤੌਰ ਉੱਤੇ ਬਹੁਤ ਕੁੱਝ ਸਹਿਣ ਕੀਤਾ ਹੈ।
ਅਮਰੀਕੀ ਫਾਰਮਾ ਕੰਪਨੀ ਨੂੰ ਸਨਮਾਨਿਤ ਕੀਤਾ ਗਿਆ
ਅਮਰੀਕੀ ਫਾਰਮਾ ਕੰਪਨੀ ਫਾਈਜ਼ਰ ਦੇ ਸੀਈਓ ਅਲਬਰਟ ਬੋਏਰਲਾ ਨੂੰ 2022 ਦੇ ਜੈਨੇਸਿਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਕੁੱਝ ਮਹੀਨਿਆਂ ਵਿੱਚ ਕੋਰੋਨਾ ਵੈਕਸੀਨ ਵਿਕਸਿਤ ਕਰਨ ਲਈ ਦਿੱਤਾ ਗਿਆ ਹੈ। ਸਨਮਾਨ ਤਹਿਤ ਉਨ੍ਹਾਂ ਨੂੰ ਲਗਭਗ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਜੈਨੇਸਿਸ ਫਾਊਂਡੇਸ਼ਨ ਇੱਕ ਯਹੂਦੀ ਵਿਅਕਤੀ ਨੂੰ ਮਨੁੱਖਤਾ ਵਿੱਚ ਯੋਗਦਾਨ ਅਤੇ ਯਹੂਦੀ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਲਈ ਹਰ ਸਾਲ ਪੁਰਸਕਾਰ ਦਿੰਦਾ ਹੈ।
ਬ੍ਰਿਟੇਨ ਨੇ ਹਟਾਈਆਂ ਪਾਬੰਦੀਆਂ
ਦੂਜੇ ਪਾਸੇ ਬ੍ਰਿਟੇਨ ਨੇ ਤੀਜੀ ਲਹਿਰ ਦੇ ਮੱਠਾ ਪੈਣ ਤੋਂ ਬਾਅਦ ਕਈ ਪਾਬੰਦੀਆਂ ਹਟਾਉਣ ਦਾ ਐਲਾਨ ਕੀਤਾ ਹੈ। ਓਮੀਕਰੋਨ ਦੀਆਂ ਵੱਧਦੀਆਂ ਮੁਸੀਬਤਾਂ ਦੇ ਵਿਚਕਾਰ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਮਾਸਕ ਦੀ ਜ਼ਰੂਰਤ ਨੂੰ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਬ੍ਰਿਟੇਨ ਵਿੱਚ ਘਰ ਤੋਂ ਕੰਮ ਕਰਨਾ (ਵਰਕ ਫਰੋਮ ਹੋਮ ) ਖਤਮ ਕਰ ਦਿੱਤਾ ਗਿਆ ਹੈ। ਜੌਹਨਸਨ ਨੇ ਵਿਗਿਆਨੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ, ਓਮੀਕਰੋਨ ਸਿਖਰ ਉੱਤੇ ਪਹੁੰਚ ਗਿਆ ਹੈ ਅਤੇ ਹੁਣ ਇਸਦੀ ਰਫ਼ਤਾਰ ਰੁਕਦੀ ਨਜ਼ਰ ਆ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: