Orthodox priest seriously hurt: ਪੈਰਿਸ: ਫਰਾਂਸ ਵਿੱਚ ਚਰਚ ‘ਤੇ ਪਿਛਲੇ 72 ਘੰਟਿਆਂ ਵਿੱਚ ਦੂਜੇ ਹਮਲੇ ਦੀ ਵਾਰਦਾਤ ਸਾਹਮਣੇ ਆਈ ਹੈ। ਸ਼ਨੀਵਾਰ ਨੂੰ ਲਿਓਨ ਸ਼ਹਿਰ ਵਿੱਚ ਸ਼ਾਟਗਨ ਨਾਲ ਲੈਸ ਇੱਕ ਬੰਦੂਕਧਾਰੀ ਨੇ ਆਰਥੋਡਾਕਸ ਪਾਦਰੀ ਨੂੰ ਗੋਲੀ ਮਾਰ ਦਿੱਤੀ। ਹਮਲੇ ਵਿੱਚ ਜ਼ਖਮੀ ਗ੍ਰੀਸ ਦੀ ਨਾਗਰਿਕਤਾ ਵਾਲੇ ਪਾਦਰੀ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਪਾਦਰੀ ਨੂੰ ਨੇੜਿਓਂ ਗੋਲੀ ਲੱਗਣ ਕਾਰਨ ਗੰਭੀਰ ਸੱਟਾਂ ਲੱਗੀਆਂ । ਹਮਲਾਵਰ ਅਜੇ ਵੀ ਪੁਲਿਸ ਦੀ ਪਕੜ ਤੋਂ ਫਰਾਰ ਦੱਸਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਫਰਾਂਸ ਦੇ ਗ੍ਰਹਿ ਮੰਤਰਾਲੇ ਨੇ ਟਵੀਟ ਕੀਤਾ ਕਿ ਇਹ ਘਟਨਾ ਦੱਖਣ-ਪੂਰਬੀ ਸ਼ਹਿਰ ਲਿਓਨ ਵਿੱਚ ਵਾਪਰੀ । ਸੁਰੱਖਿਆ ਅਤੇ ਐਮਰਜੈਂਸੀ ਕਰਮਚਾਰੀ ਘਟਨਾ ਵਾਲੀ ਥਾਂ ‘ਤੇ ਹਨ। ਮੰਤਰਾਲੇ ਨੇ ਇੱਕ ਚੇਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਘਟਨਾ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ । ਗ੍ਰਹਿ ਮੰਤਰਾਲੇ ਨੇ ਅਜੇ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ ਕਿ ਇਹ ਹਮਲਾ ਅੱਤਵਾਦ ਨਾਲ ਸਬੰਧਿਤ ਹੈ ਜਾਂ ਆਪਸੀ ਰੰਜਿਸ਼ ਵਿੱਚ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਤਿੰਨ ਦਿਨ ਪਹਿਲਾਂ ਵੀਰਵਾਰ ਦੀ ਸਵੇਰ ਨੂੰ 21 ਸਾਲਾ ਟਿਊਨੀਸ਼ਿਆ ਦੇ ਅੱਤਵਾਦੀ ਨੇ ਨੀਸ ਦੇ ਚਰਚ ‘ਤੇ ਚਾਕੂ ਨਾਲ ਹਮਲਾ ਕੀਤਾ ਸੀ । ਇਸ ਹਮਲੇ ਵਿੱਚ ਤਿੰਨ ਲੋਕ ਮਾਰੇ ਗਏ ਸਨ । ਬਾਅਦ ਵਿੱਚ ਪੁਲਿਸ ਨੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ ਸੀ । ਨੀਸ ਦੇ ਮੇਅਰ ਨੇ ਕਿਹਾ ਕਿ ਜਦੋਂ ਹਮਲਾਵਰ ਨੂੰ ਗੋਲੀ ਲੱਗਣ ਤੋਂ ਬਾਅਦ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਸੀ ਤਾਂ ਉਹ ਅੱਲ੍ਹਾ ਅਕਬਰ ਚੀਕਿਆ ਸੀ ।
ਦੱਸ ਦੇਈਏ ਕਿ ਫਰਾਂਸ ਵਿੱਚ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਾਰਨ ਸ਼ੁੱਕਰਵਾਰ ਨੂੰ ਦੂਜੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ, ਸਰਕਾਰ ਨੇ ਪੂਜਾ ਸਥਾਨਾਂ ਨੂੰ ਇਸ ਤੋਂ ਛੂਟ ਦਿੱਤੀ ਹੈ । ਇਸ ਕਾਰਨ ਵੱਡੀ ਗਿਣਤੀ ਵਿੱਚ ਲੋਕ ਐਤਵਾਰ ਨੂੰ ਆਲ ਸੇਂਟਸ ਡੇ ਮਨਾਉਣ ਦੀ ਤਿਆਰੀ ਕਰ ਰਹੇ ਸਨ। ਪਰ, ਇਹਨਾਂ ਹਮਲਿਆਂ ਤੋਂ ਬਾਅਦ ਪੂਰੇ ਫਰਾਂਸ ਵਿੱਚ ਚੇਤਾਵਨੀ ਦਾ ਪੱਧਰ ਉੱਚਾ ਚੁੱਕਿਆ ਗਿਆ ਹੈ।