ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦੇਸ਼ ਵਿੱਚ ਖੌਫ ਦਾ ਮਾਹੌਲ ਹੈ। ਰੋਜ਼ਾਨਾ ਹਜ਼ਾਰਾਂ ਲੋਕ ਏਅਰਪੋਰਟ ‘ਤੇ ਦੇਸ਼ ਛੱਡ ਕੇ ਜਾਣ ਲਈ ਇਕੱਠਾ ਹੁੰਦੇ ਹਨ। ਭਾਰਤ ਸਣੇ ਬਹੁਤ ਸਾਰੇ ਦੇਸ਼ ਆਪਣੇ ਨਾਗਰਿਕਾਂ ਅਫਗਾਨਿਸਤਾਨ ਵਿੱਚੋਂ ਕੱਢਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ।
ਇਸੇ ਵਿਚਾਲੇ ਅਮਰੀਕੀ ਸਿੱਖ ਸੰਸਥਾ ਨੇ ਕਿਹਾ ਹੈ ਕਿ ਕਾਬੁਲ ਦੇ ਗੁਰਦੁਆਰੇ ਵਿੱਚ 260 ਤੋਂ ਵੱਧ ਸਿੱਖ ਮੌਜੂਦ ਹਨ ਜਿਨ੍ਹਾਂ ਨੂੰ ਉਥੋਂ ਕੱਢਣ ਦੀ ਜਰੂਰਤ ਹੈ। ਸੰਸਥਾ ਨੇ ਇਹ ਵੀ ਕਿਹਾ ਹੈ ਕਿ ਫਿਲਹਾਲ ਭਾਰਤ ਨੇ ਹੀ ਅਫ਼ਗ਼ਾਨ ਸਿੱਖਾਂ ਨੂੰ ਦੇਸ਼ ਵਿੱਚੋਂ ਕੱਢਣ ਵਿੱਚ ਮਦਦ ਕੀਤੀ ਹੈ।
ਅਮਰੀਕਾ ਦੇ ਇੱਕ ਸਿੱਖ ਸੰਗਠਨ ‘ਯੂਨਾਈਟਿਡ ਸਿੱਖ’ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਬੁਲ ਦੇ ਕਾਰਤੇ ਪਰਵਨ ਗੁਰਦੁਆਰਾ ਸਾਹਿਬ ਵਿੱਚ ਇਨ੍ਹਾਂ ਅਫ਼ਗਾਨ ਨਾਗਰਿਕਾਂ ਵਿੱਚ ਔਰਤਾਂ ਤੇ 50 ਤੋਂ ਜ਼ਿਆਦਾ ਬੱਚੇ ਸ਼ਾਮਿਲ ਹਨ। ਇਨ੍ਹਾਂ ਵਿੱਚ ਤਿੰਨ ਨਵਜੰਮੇ ਵੀ ਸ਼ਾਮਿਲ ਹਨ, ਜਿਨ੍ਹਾਂ ਵਿੱਚੋਂ ਇੱਕ ਦਾ ਜਨਮ ਸ਼ਨੀਵਾਰ ਨੂੰ ਹੋਇਆ ਹੈ।
ਇਸ ਤੋਂ ਇਲਾਵਾ ਯੂਨਾਈਟਿਡ ਸਿੱਖ ਨੇ ਇਹ ਵੀ ਕਿਹਾ ਕਿ ਅਸੀਂ ਅਮਰੀਕਾ, ਕੈਨੇਡਾ, ਪਾਕਿਸਤਾਨ, ਆਸਟ੍ਰੇਲੀਆ, ਨਿਊਜ਼ੀਲੈਂਡ, ਤਜ਼ਾਕਿਤਾਨ, ਈਰਾਨ ਤੇ ਬਰਤਾਨੀਆ ਸਮੇਤ ਕਈ ਦੇਸ਼ਾਂ ਦੀਆਂ ਸਰਕਾਰਾਂ ਨਾਲ ਇਸ ਸਬੰਧੀ ਗੱਲ ਕਰ ਰਹੇ ਹਨ, ਜਿਹੜੇ ਅਫ਼ਗਾਨਿਸਤਾਨ ਵਿੱਚ ਫਸੇ ਲੋਕਾਂ ਨੂੰ ਉੱਥੋਂ ਕੱਢਣ ਵਿੱਚ ਮਦਦ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ । ਇਸ ਤੋਂ ਇਲਾਵਾ ਅਫ਼ਗਾਨਿਸਤਾਨ ’ਤੇ ਜ਼ਮੀਨੀ ਪੱਧਰ ’ਤੇ ਇਸ ਸਬੰਧੀ ਕੰਮ ਕਰ ਰਹੀਆਂ ਕੰਪਨੀਆਂ ਦੇ ਨਾਲ ਅਸੀਂ ਸੰਪਰਕ ਵਿੱਚ ਹਾਂ।
ਇਹ ਵੀ ਪੜ੍ਹੋ: ਕਿਸਾਨਾਂ ਦੇ ਅੰਦੋਲਨ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਬਿਆਨ, ਕੇਂਦਰ ਸਰਕਾਰ ਨੂੰ ਕਿਹਾ…
ਦੱਸ ਦੇਈਏ ਕਿ ਯੂਨਾਈਟਿਡ ਸਿੱਖ ਅਨੁਸਾਰ ਇਸ ਬਚਾਅ ਕਾਰਜ ਦੀ ਸਭ ਤੋਂ ਵੱਡੀ ਚੁਣੌਤੀ ਕਾਰਤੇ ਪਰਵਨ ਗੁਰਦੁਆਰੇ ਤੋਂ ਕਾਬੁਲ ਦੇ ਇੰਟਰਨੈਸ਼ਨਲ ਏਅਰਪੋਰਟ ਤੱਕ ਜਾਣ ਦਾ ਰਸਤਾ ਦਸ ਕਿਲੋਮੀਟਰ ਲੰਬਾ ਹੈ। ਇਸ ਰਸਤੇ ’ਤੇ ਕਈ ਜਾਂਚ ਚੌਕੀਆਂ ਸਥਾਪਤ ਕੀਤੀਆਂ ਗਈਆਂ ਹਨ । ਅਫ਼ਗਾਨਿਸਤਾਨ ਦੇ ਘੱਟ ਗਿਣਤੀ ਭਾਈਚਾਰੇ ਦੇ ਕੁਝ ਲੋਕਾਂ ਨੇ ਪਿਛਲੇ ਹਫ਼ਤੇ ਉੱਥੋਂ ਨਿਕਲਣ ਦੀ ਕੋਸ਼ਿਸ ਕੀਤੀ ਸੀ ਜਿਹੜੀ ਨਾਕਾਮ ਰਹੀ।