Pakistan 60 sikh pilgrims: ਪੂਰੇ ਦੇਸ਼ ਵਿੱਚ ਕੋਰੋਨਾ ਦਾ ਕਹਿਰ ਤਬਾਹੀ ਮਚਾ ਰਿਹਾ ਹੈ। ਇਸ ਵਾਰ ਕੋਰੋਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖ਼ਾਲਸਾ ਸਾਜਣਾ ਦਿਹਾੜਾ ਮਨਾਉਣ ਜਾ ਰਹੇ ਜੱਥੇ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵਿਖੇ ਖ਼ਾਲਸਾ ਸਾਜਣਾ ਦਿਹਾੜਾ ਮਨਾਉਣ ਜਾ ਰਹੇ ਸਿੱਖ ਸ਼ਰਧਾਲੂਆਂ ਦੇ ਜੱਥੇ ਵਿੱਚੋਂ 60 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਿਸ ਤੋਂ ਬਾਅਦ ਪਾਜ਼ਿਟਿਵ ਆਉਣ ਵਾਲੇ ਸ਼ਰਧਾਲੂਆਂ ਨੂੰ ਵਾਹਗਾ-ਅਟਾਰੀ ਬਾਰਡਰ ’ਤੇ ਰੋਕ ਲਿਆ ਗਿਆ। ਬਾਰਡਰ ਤੋਂ ਸਿਰਫ ਨੈਗੇਟਿਵ ਰਿਪੋਰਟ ਆਉਣ ਵਾਲੇ ਸ਼ਰਧਾਲੂਆਂ ਨੂੰ ਪਾਕਿਸਤਾਨ ਰਵਾਨਾ ਕਰ ਦਿੱਤਾ ਗਿਆ । ਉੱਥੇ ਹੀ ਜਿਨ੍ਹਾਂ ਲੋਕਾਂ ਦੀ ਕੋਰੋਨਾ ਰਿਪੋਰਟ ਨਹੀਂ ਆਈ ਸੀ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖ਼ਾਲਸਾ ਸਾਜਣਾ ਦਿਹਾੜਾ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਰਵਾਨਾ ਹੋਇਆ । ਇਹ ਜੱਥਾ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਰਵਾਨਾ ਹੋਇਆ। ਇਸ ਜੱਥੇ ਵਿੱਚ 237 ਲੋਕ ਸ਼ਾਮਿਲ ਹਨ ।
ਦੱਸ ਦੇਈਏ ਕਿ ਪਾਕਿਸਤਾਨ ਵੱਲੋਂ 437 ਸਿੱਖ ਸ਼ਰਧਾਲੂਆਂ ਨੂੰ ਵੀਜ਼ੇ ਦਿੱਤੇ ਗਏ ਹਨ । ਪਾਕਿਸਤਾਨ ਜਾ ਰਹੇ ਸਿੱਖ ਸ਼ਰਧਾਲੂਆਂ ਲਈ ਕੋਰੋਨਾ ਰਿਪੋਰਟ ਨੈਗੇਟਿਵ ਹੋਣੀ ਜ਼ਰੂਰੀ ਹੈ । ਇਸ ਵਿੱਚ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਕੋਰੋਨਾ ਪਾਜ਼ੀਟਿਵ ਹੋਣ ’ਤੇ ਸਿੱਖ ਸ਼ਰਧਾਲੂ ਪਾਕਿਸਤਾਨ ਨਹੀਂ ਆ ਸਕਦੇ ।